ਦਾਦਾ-ਦਾਦੀ ਦੀ ਸਮਾਧੀ ਨੇੜੇ ਦਫਨਾਈ ਗਈ ਉਨਾਵ ਪੀੜਤਾ ਦੀ ਮ੍ਰਿਤਕ ਦੇਹ

12/08/2019 1:25:25 PM

ਉਨਾਵ—ਉਤਰ ਪ੍ਰਦੇਸ਼ 'ਚ ਉਨਾਵ ਇਲਾਕੇ 'ਚ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਦੌਰਾਨ ਜਬਰ ਜ਼ਨਾਹ ਪੀੜਤਾ ਦੀ ਮ੍ਰਿਤਕ ਦੇਹ ਦਫਨਾਈ ਗਈ। ਪੀੜਤਾ ਦੀ ਮ੍ਰਿਤਕ ਦੇਹ ਪਿੰਡ ਤੋਂ ਬਾਹਰ ਉਸ ਦੇ ਜੱਦੀ ਖੇਤ 'ਚ ਦਾਦਾ-ਦਾਦੀ ਦੀ ਸਮਾਧੀ ਦੇ ਨੇੜੇ ਦਫਨਾਈ। ਇਸ ਦੌਰਾਨ ਵੱਡੀ ਤਾਦਾਦ 'ਚ ਪੁਲਸ ਬਲ ਮੌਜੂਦ ਸੀ ਅਤੇ ਬਾਅਦ 'ਚ ਉੱਥੇ ਮੁੱਖ ਮੰਤਰੀ ਯੋਗੀ ਦੇ ਦੋ ਮੰਤਰੀ ਵੀ ਪਹੁੰਚੇ। ਇਸ ਮੌਕੇ ਯੋਗੀ ਸਰਕਾਰ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਅਤੇ ਕਮਲ ਰਾਣੀ ਵਰੁਣ ਤੋਂ ਇਲਾਵਾ ਡਿਵੀਜ਼ਨਲ ਕਮਿਸ਼ਨਰ ਮੁਕੇਸ਼ ਮੇਸ਼ਰਾਮ ਸਮੇਤ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਬੁਲਾਉਣ ਦੀ ਮੰਗ 'ਤੇ ਅੜੇ ਪੀੜਤਾ ਦੇ ਪਰਿਵਾਰ ਨੇ ਮ੍ਰਿਤਕ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ 'ਚ ਕਮਿਸ਼ਨਰ ਦੇ ਸਮਝਾਉਣ 'ਤੇ ਰਾਜ਼ੀ ਹੋ ਗਏ।

ਜ਼ਿਕਰਯੋਗ ਹੈ ਕਿ ਉਨਾਵ ਦੀ ਜਬਰ ਜ਼ਨਾਹ ਪੀੜਤਾ ਨੂੰ 5 ਲੋਕਾਂ ਵਲੋਂ ਵੀਰਵਾਰ (4 ਦਸੰਬਰ) ਵਾਰਦਾਤ ਨੂੰ ਅੰਜ਼ਾਮ ਦੇ ਕੇ ਅੱਗ ਲਾ ਦਿੱਤੀ ਸੀ। ਚਸ਼ਮਦੀਦਾਂ ਮੁਤਾਬਕ ਸਾੜਨ ਦੇ ਬਾਵਜੂਦ ਪੀੜਤਾ ਨੇ ਹਿੰਮਤ ਦਿਖਾਈ ਅਤੇ ਕਰੀਬ 1 ਕਿਲੋਮੀਟਰ ਦੂਰ ਤਕ ਚੱਲ ਕੇ ਗਈ। ਉਸ ਨੇ ਖੁਦ ਹੀ ਪੁਲਸ ਨੂੰ ਮਦਦ ਲਈ ਗੁਹਾਰ ਲਾਈ। 90 ਫੀਸਦੀ ਸੜੀ ਹਾਲਤ 'ਚ ਪੀੜਤਾ ਨੂੰ ਉਨਾਵ ਤੋਂ ਲਖਨਊ ਰੈਫਰ ਕਰ ਦਿੱਤਾ ਗਿਆ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਵੀਰਵਾਰ ਦੇਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਸੀ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ, ਪਰ ਆਖਰਕਾਰ ਜਬਰ ਜ਼ਨਾਹ ਪੀੜਤਾ ਜ਼ਿੰਦਗੀ ਦੀ ਜੰਗ ਹਾਰ ਗਈ।


Iqbalkaur

Content Editor

Related News