ਅਚਾਨਕ ਦਿੱਲੀ ਏਅਰਪੋਰਟ ਪਹੁੰਚੇ ਕੇਂਦਰੀ ਸਿਹਤ ਮੰਤਰੀ ਮੰਡਾਵੀਆ, ਕੋਵਿਡ ਨਾਲ ਸਬੰਧਿਤ ਸਥਿਤੀ ਦਾ ਲਿਆ ਜਾਇਜ਼ਾ
Tuesday, Jan 03, 2023 - 01:52 AM (IST)
ਨੈਸ਼ਨਲ ਡੈਸਕ : ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਚੀਨ ਸਮੇਤ ਕੁਝ ਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧੇ ਵਿਚਾਲੇ ਸੋਮਵਾਰ ਨੂੰ ਇਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ’ਤੇ ਜਾਂਚ ਤੇ ਕੋਵਿਡ ਟੈਸਟਿੰਗ ਸਹੂਲਤ ਦਾ ਜਾਇਜ਼ਾ ਲਿਆ। ਸਰਕਾਰ ਨੇ ਹਰ ਅੰਤਰਰਾਸ਼ਟਰੀ ਉਡਾਣ ਰਾਹੀਂ ਆਉਣ ਵਾਲੇ ਯਾਤਰੀਆਂ ’ਚੋਂ ਦੋ ਫ਼ੀਸਦੀ ਯਾਤਰੀਆਂ ਲਈ ਕੋਵਿਡ ਟੈਸਟਿੰਗ ਲਾਜ਼ਮੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਚੀਨ, ਹਾਂਗਕਾਂਗ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ 1 ਜਨਵਰੀ ਤੋਂ ਕੋਵਿਡ ਨੈਗੇਟਿਵ ਰਿਪੋਰਟ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ
Reviewed Air Suvidha system and RT-PCR testing facilities for international passengers at the IGI Airport, New Delhi. pic.twitter.com/3VMSdmuwbx
— Dr Mansukh Mandaviya (@mansukhmandviya) January 2, 2023
ਇਹ ਟੈਸਟ ਭਾਰਤ ਦੀ ਯਾਤਰਾ ਤੋਂ 72 ਘੰਟੇ ਪਹਿਲਾਂ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਰਵਾਨਗੀ ਤੋਂ ਪਹਿਲਾਂ ਆਰ.ਟੀ.-ਪੀ.ਸੀ.ਆਰ. ਟੈਸਟ ਦੀ ਨੈਗੇਟਿਵ ਰਿਪੋਰਟ ‘ਏਅਰ ਸੁਵਿਧਾ’ ਪੋਰਟਲ ’ਤੇ ਅਪਲੋਡ ਕਰਨੀ ਹੋਵੇਗੀ। ਮਾਂਡਵੀਆ ਨੇ ਸੋਮਵਾਰ ਨੂੰ ਇਕ ਟਵੀਟ ਕਰ ਕਿਹਾ, ‘‘ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਏਅਰ ਸੁਵਿਧਾ ਸਿਸਟਮ ਤੇ ਆਰ. ਟੀ.-ਪੀ. ਸੀ. ਆਰ. ਟੈਸਟ ਦੀਆਂ ਸਹੂਲਤਾਂ ਦਾ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ’ਤੇ ਜਾ ਕੇ ਨਿਰੀਖਣ ਕੀਤਾ।’’
ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ’ਚ ਕੀਤਾ ਵਾਧਾ
ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਚੀਨ, ਹਾਂਗਕਾਂਗ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ ਤੋਂ ਭਾਰਤ ਦੇ ਕਿਸੇ ਵੀ ਏਅਰਪੋਰਟ ’ਤੇ ਪਹੁੰਚ ਰਹੇ ਯਾਤਰੀਆਂ ਲਈ ਨੈਗੇਟਿਵ ਕੋਵਿਡ ਰਿਪੋਰਟ ਲਾਜ਼ਮੀ ਹੈ, ਚਾਹੇ ਉਨ੍ਹਾਂ ਨੇ ਮੂਲ ਤੌਰ ’ਤੇ ਕਿਸੇ ਵੀ ਦੇਸ਼ ਤੋਂ ਯਾਤਰਾ ਸ਼ੁਰੂ ਕੀਤੀ ਹੋਵੇ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੋਮਵਾਰ ਨੂੰ ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਨੂੰ ਲਿਖੇ ਪੱਤਰ ’ਚ ਕਿਹਾ ਕਿ ਕੁਝ ਦੇਸ਼ਾਂ ਖ਼ਾਸ ਕਰਕੇ ਚੀਨ, ਸਿੰਗਾਪੁਰ, ਹਾਂਗਕਾਂਗ, ਕੋਰੀਆ ਗਣਰਾਜ, ਥਾਈਲੈਂਡ ਅਤੇ ਜਾਪਾਨ ’ਚ ਕੋਵਿਡ-19 ਦੇ ਮਾਮਲੇ ਵਧਣ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ਾਂ ’ਚ ਬਦਲਾਅ ਕੀਤਾ ਗਿਆ ਹੈ, ਜੋ 1 ਜਨਵਰੀ ਤੋਂ ਲਾਗੂ ਹੋ ਗਏ ਹਨ।