ਛੱਤੀਸਗੜ੍ਹ ਨੂੰ ਮਿਲੀ ਨਵੀਂ ਪਛਾਣ ! UNSCO ਨੇ ''ਸਿਰਪੁਰ'' ਨੂੰ ਵਰਲਡ ਹੈਰੀਟੇਜ ਸਾਈਟਸ ''ਚ ਕੀਤਾ ਸ਼ਾਮਲ
Thursday, Oct 22, 2026 - 03:11 PM (IST)
ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ 'ਚ ਮਹਾਨਦੀ ਦੇ ਕੰਢੇ ਸਥਿਤ ਪ੍ਰਾਚੀਨ ਇਤਿਹਾਸਕ ਸ਼ਹਿਰ ਸਿਰਪੁਰ ਨੂੰ ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਦੀ ਵਿਸ਼ਵ ਵਿਰਾਸਤੀ ਸਥਾਨਾਂ ਦੀ ਅਸਥਾਈ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਇਸ ਨੂੰ ਸੂਬੇ ਦੀ ਅਮੀਰ ਇਤਿਹਾਸਕ, ਸੱਭਿਆਚਾਰਕ ਅਤੇ ਪੁਰਾਤੱਤਵ ਵਿਰਾਸਤ ਲਈ ਇਕ ਅਹਿਮ ਪ੍ਰਾਪਤੀ ਦੱਸਿਆ।
ਪ੍ਰਾਚੀਨ ਮੰਦਰਾਂ, ਬੋਧੀ ਵਿਹਾਰਾਂ, ਦੁਰਲੱਭ ਮੂਰਤੀ ਕਲਾ ਅਤੇ ਸ਼ਾਨਦਾਰ ਇਮਾਰਤਸਾਜ਼ੀ ਲਈ ਪ੍ਰਸਿੱਧ ਸਿਰਪੁਰ ਧਾਰਮਿਕ ਸਹਿਣਸ਼ੀਲਤਾ ਦੀ ਵਿਲੱਖਣ ਪ੍ਰੰਪਰਾ ਦਾ ਵੀ ਪ੍ਰਤੀਕ ਹੈ। ਅਸਥਾਈ ਸੂਚੀ ਵਿਚ ਸ਼ਾਮਲ ਹੋਣ ਨਾਲ ਇਸ ਪ੍ਰਾਚੀਨ ਸ਼ਹਿਰ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿਵਾਉਣ ਦੀ ਦਿਸ਼ਾ ਵਿਚ ਕੋਸ਼ਿਸ਼ਾਂ ਨੂੰ ਰਫਤਾਰ ਮਿਲਣ ਦੀ ਉਮੀਦ ਹੈ।
ਅਧਿਕਾਰੀਆਂ ਅਨੁਸਾਰ, ਮੁੱਖ ਮੰਤਰੀ ਵਿਸ਼ਨੂੰ ਦੇਵ ਸਾਂਈ ਦੀ ਅਗਵਾਈ ਹੇਠ ਸੂਬਾ ਸਰਕਾਰ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤਾਂ ਦੀ ਸੰਭਾਲ ਅਤੇ ਵਾਧੇ ਦੇ ਨਾਲ-ਨਾਲ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਰ-ਸਪਾਟਾ ਨਕਸ਼ੇ ’ਤੇ ਪ੍ਰਮੁੱਖ ਸਥਾਨ ਦਿਵਾਉਣ ਲਈ ਯਤਨ ਕਰ ਰਹੀ ਹੈ।
ਸੈਰ-ਸਪਾਟਾ ਤੇ ਸੱਭਿਆਚਾਰ ਮੰਤਰੀ ਰਾਜੇਸ਼ ਅਗਰਵਾਲ ਦੀ ਅਗਵਾਈ ਹੇਠ ਵੀ ਮਹੱਤਵਪੂਰਨ ਪੁਰਾਤੱਤਵ ਸਥਾਨਾਂ ਨੂੰ ਵਿਸ਼ਵਵਿਆਪੀ ਪਛਾਣ ਦਿਵਾਉਣ ਅਤੇ ਸੱਭਿਆਚਾਰਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
