ISRO ਨੂੰ ਵੱਡੀ ਕਾਮਯਾਬੀ ! ਹਾਈ ਥ੍ਰੱਸਟ LOX ਮੀਥੇਨ ਇੰਜਣ ਦੇ ਗੈਸ ਜਨਰੇਟਰ ਦਾ ਕੀਤਾ ਸਫ਼ਲ ਪ੍ਰੀਖਣ
Saturday, Nov 28, 2026 - 12:40 PM (IST)
ਚੇਨਈ (ਏਜੰਸੀ)- ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਮਹਿੰਦਰਗਿਰੀ 'ਚ ਇਸਰੋ ਪ੍ਰੋਪਲਸ਼ਨ ਕੰਪਲੈਕਸ 'ਚ, ਹਾਈ-ਥ੍ਰਸਟ ਐੱਲਓਐਕਸ-ਮੀਥੇਨ ਇੰਜਣ ਦੇ ਗੈਸ ਜਨਰੇਟਰ ਸਬਸਿਸਟਮ ਦਾ 200-ਸਕਿੰਟ ਤੱਕ ਸਫ਼ਲ ਲੰਬੇ ਸਮੇਂ ਤੱਕ ਚੱਲਣ ਵਾਲਾ ਇਗਨੀਸ਼ਨ ਟੈਸਟ ਕਰ ਲਿਆ ਹੈ। ਇਹ ਹਾਈ-ਥ੍ਰਸਟ ਐੱਲਓਐਕਸ-ਮੀਥੇਨ ਇੰਜਣ, ISRO ਦੇ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ (LPSC) ਦੁਆਰਾ ਵਿਕਰਮ ਸਾਰਾਭਾਈ ਸਪੇਸ ਸੈਂਟਰ (VSCC) ਵਰਗੇ ਹੋਰ ਕੇਂਦਰਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਅਗਲੀ ਪੀੜ੍ਹੀ ਦੇ ਲਾਂਚ ਵਾਹਨ ਲਈ ਤਿਆਰ ਕੀਤਾ ਜਾ ਰਿਹਾ ਹੈ।
ਤਰਲ ਰਾਕੇਟ ਇੰਜਣ ਦੇ ਵਿਕਾਸ 'ਚ ਇਕ ਬਿਹਤਰੀਨ ਡਿਜ਼ਾਈਨ ਵਾਲਾ ਗੈਸ ਜਨਰੇਟਰ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਹ ਬਾਲਣ ਨੂੰ ਸਾੜ ਕੇ ਉੱਚ ਦਬਾਅ ਅਤੇ ਉੱਚ ਤਾਪਮਾਨ ਵਾਲੀ ਗੈਸ ਬਣਾਉਂਦਾ ਹੈ। ਇਹ ਗੈਸ ਇਕ ਟਰਬਾਈਨ ਚਲਾਉਂਦੀ ਹੈ, ਜੋ ਇਕ ਟਰਬੋਪੰਪ ਨੂੰ ਪਾਵਰ ਦਿੰਦੀ ਹੈ, ਜੋ ਥ੍ਰਸਟ ਚੈਂਬਰ 'ਚ ਤਰਲ ਪ੍ਰੋਪਲੈਂਟ ਪ੍ਰਦਾਨ ਕਰਦੀ ਹੈ। ਇਹ ਗੈਸ ਜਨਰੇਟਰ ਭਾਰਤੀ ਉਦਯੋਗ 'ਚ ਐਡਿਟਿਵ ਨਿਰਮਾਣ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ ਸੀ। ਇਸ ਟੈਸਟ ਨੇ 31.5 ਬਾਰ ਦੇ ਇਕ ਸਥਿਰ ਗੈਸ ਜਨਰੇਟਰ ਚੈਂਬਰ ਪ੍ਰੈਸ਼ਰ ਦੀ ਨਕਲ ਕੀਤੀ, ਜੋ ਇੰਜਣ ਦੇ 60 ਫੀਸਦੀ ਥ੍ਰਸਟ ਪੱਧਰ ਦੇ ਬਰਾਬਰ ਹੈ।
ਪ੍ਰੀਖਣ ਦੌਰਾਨ ਸੁਚਾਰੂ ਇਗਨੀਸ਼ਨ ਅਤੇ ਸਥਿਤ ਦਹਿਨ ਦੇਖਿਆ ਗਿਆ। ਇਸ ਟੈਸਟ ਨੇ ਪੁਸ਼ਟੀ ਕੀਤੀ ਕਿ ਹਾਰਡਵੇਅਰ 60 ਫੀਸਦੀ ਓਪਰੇਟਿੰਗ ਸਥਿਤੀ ਲਈ ਪੂਰੀ ਤਰ੍ਹਾਂ ਢੁਕਵਾਂ ਹੈ। ਇਸ ਹਾਰਡਵੇਅਰ ਦੀ ਵਰਤੋਂ ਹੋਰ ਓਪਰੇਟਿੰਗ ਸਥਿਤੀਆਂ 'ਚ ਵੀ ਡਿਜ਼ਾਈਨ ਦੀ ਅਨੁਕੂਲਤਾ ਨੂੰ ਹੋਰ ਪ੍ਰਦਰਸ਼ਿਤ ਕਰਨ ਲਈ ਕੀਤੀ ਜਾਵੇਗੀ। ਉਪਰੋਕਤ ਟੈਸਟਾਂ ਦੇ ਨਾਲ, ਉੱਚ-ਥ੍ਰਸਟ ਐੱਲਓਐਕਸ-ਮੀਥੇਨ ਇੰਜਣ ਦੇ ਮੁੱਖ ਉਪ-ਪ੍ਰਣਾਲੀਆਂ- ਜਿਸ 'ਚ ਸਪਾਰਕ ਟਾਰਚ ਇਗਨੀਸ਼ਨ ਸਿਸਟਮ, ਸਕੇਲਡ ਥ੍ਰਸਟ ਚੈਂਬਰ, ਫੁੱਲ-ਸਕੇਲ ਗੈਸ ਜਨਰੇਟਰ ਅਤੇ ਐੱਲਓਐਕਸ ਪੰਪ ਸ਼ਾਮਲ ਹਨ - ਨੇ ਸਫਲਤਾਪੂਰਵਕ ਆਪਣੀ ਵਿਕਾਸ ਪ੍ਰੀਖਣ ਮੁਹਿੰਮ ਪੂਰੀ ਕਰ ਲਈ ਹੈ।
ਤਰਲ ਆਕਸੀਜਨ (LOX) ਅਤੇ ਤਰਲ ਮੀਥੇਨ (ਮੈਥਾਲੌਕਸ) ਇੰਜਣ ਭਵਿੱਖ ਦੇ ਲਾਂਚ ਵਾਹਨਾਂ ਲਈ ਮਹੱਤਵਪੂਰਨ ਹਨ। ਉਹ ਬਹੁਤ ਸਾਫ਼-ਸੁਥਰੇ ਢੰਗ ਨਾਲ ਸੜਦੇ ਹਨ ਅਤੇ ਇਨ੍ਹਾਂ ਤੋਂ ਬਹੁਤ ਘੱਟ ਕਾਲਖ਼ ਨਿਕਲਦੀ ਹੈ। ਨਾਲ ਹੀ ਇਹ ਮੁੜ ਵਰਤੋਂ ਯੋਗ ਹੁੰਦੇ ਹਨ, ਇਨ੍ਹਾਂ ਨੂੰ ਜ਼ਮੀਨ 'ਤੇ ਸੰਭਾਲਣਾ ਆਸਾਨ ਹੁੰਦਾ ਹੈ ਅਤੇ ਭਵਿੱਖ 'ਚ ਧਰਤੀ ਤੋਂ ਪਰੇ (ਜਿਵੇਂ ਕਿ ਮੰਗਲ ਗ੍ਰਹਿ 'ਤੇ) ਇਨ੍ਹਾਂ ਦਾ ਬਾਲਣ ਤਿਆਰ ਕੀਤਾ ਜਾ ਸਕਦਾ ਹੈ। ਇਸਰੋ ਆਪਣੇ LPSC ਦੀ ਅਗਵਾਈ 'ਚ 'ਅਗਲੀ ਪੀੜ੍ਹੀ ਦੇ ਲਾਂਚ ਵਾਹਨ' ਲਈ ਮੈਥਾਲੌਕਸ ਇੰਜਣ ਨੂੰ ਵਿਕਸਿਤ ਕਰ ਰਿਹਾ ਹੈ।
ਇਹ ਭਵਿੱਖ 'ਚ ਹੈਵੀ-ਡਿਊਟੀ ਲਾਂਚ ਵਾਹਨ ਬਣਾਉਣ 'ਚ ਮਦਦ ਕਰੇਗਾ ਜੋ ਮਨੁੱਖਾਂ ਨੂੰ ਚੰਦਰਮਾ 'ਤੇ ਲਿਜਾ ਸਕਣਗੇ। ਇਸਰੋ ਨੇ ਕਿਹਾ,"ਵਿਸ਼ਵ ਪੱਧਰ 'ਤੇ ਤਰਲ ਪ੍ਰੋਪਲਸ਼ਨ ਸਿਸਟਮ ਹੁਣ LOX-ਮੀਥੇਨ ਇੰਜਣਾਂ ਵੱਲ ਵਧ ਰਹੇ ਹਨ। ਇਸ ਦੇ ਕਈ ਕਾਰਨ ਹੈ: ਇਹ ਬਹੁਤ ਸਾਫ਼-ਸੁਥਰੇ ਢੰਗ ਨਾਲ ਸੜਦੇ ਹਨ, ਘੱਟ ਰੱਖ-ਰਖਾਅ ਦੀ ਲੋੜ ਹੁੰਦੀ ਹੈ ਅਤੇ ਮੁੜ ਵਰਤੋਂ ਯੋਗ ਹਨ। ਇਸ ਲਈ ਇਸਰੋ ਨੇ ਆਪਣੇ 'ਅਗਲੀ ਪੀੜ੍ਹੀ ਦੇ ਲਾਂਚ ਵਾਹਨ' ਲਈ ਪ੍ਰਾਇਮਰੀ ਪ੍ਰੋਪਲਸ਼ਨ ਸਿਸਟਮ ਵਜੋਂ LOX-ਮੀਥੇਨ ਇੰਜਣਾਂ ਨੂੰ ਚੁਣਿਆ ਹੈ। ਇਸ ਤੋਂ ਇਲਾਵਾ, ਇਨ੍ਹਾਂ ਇੰਜਣਾਂ ਦੀ ਵਰਤੋਂ 2040 'ਚ ਭਾਰਤ ਦੇ ਮਨੁੱਖੀ ਚੰਦਰ ਮਿਸ਼ਨ ਲਈ ਲੋੜੀਂਦੇ ਹੈਵੀ-ਡਿਊਟੀ ਲਾਂਚ ਵਾਹਨਾਂ 'ਚ ਕੀਤੀ ਜਾਵੇਗੀ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
