ਭਾਰਤ ਤੇ ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਫੌਜ 'ਚ ਭਰਤੀ ਕਰੇਗਾ ਬ੍ਰਿਟੇਨ

11/06/2018 2:47:22 AM

ਲੰਡਨ — ਬ੍ਰਿਟਿਸ਼ ਸਰਕਾਰ ਨੇ ਆਪਣੀ ਆਰਮਡ ਫੋਰਸ 'ਚ ਸੁਰੱਖਿਆ ਕਰਮੀਆਂ ਦੀ ਕਮੀ ਨੂੰ ਦੂਰ ਕਰਨ ਲਈ ਸੋਮਵਾਰ ਨੂੰ ਰਾਸ਼ਟਰ ਮੰਡਲ ਦੇਸ਼ਾਂ (ਕਾਮਨਵੈਲਥ) ਦੇ ਬਿਨੈਕਾਰਾਂ ਨੂੰ ਭਰਤੀ ਲਈ ਨਿਯਮਾਂ 'ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਸੰਸਦ ਸਾਹਮਣੇ ਮੰਤਰਾਲੇ ਦੇ ਲਿਖਤ ਬਿਆਨ 'ਚ ਪ੍ਰਸਤਾਵ ਰੱਖਿਆ, ਜਿਸ 'ਚ ਦੇਸ਼ ਦੀ ਥਲ ਫੌਜ, ਹਵਾਈ ਫੌਜ ਅਤੇ ਨੌ-ਸੈਨਾ 'ਚ ਬਿਨੈਕਾਰਾਂ ਲਈ ਜ਼ਰੂਰੀ ਬ੍ਰਿਟੇਨ 'ਚ ਘਟੋਂ-ਘੱਟ 5 ਸਾਲ ਦੇ ਪ੍ਰਵਾਸ ਦੀ ਸ਼ਰਤ 'ਚ ਛੋਟ ਦਿੱਤੀ ਗਈ ਹੈ।
ਇਸ ਨਾਲ ਬਲਾਂ 'ਚ ਭਾਰਤ, ਆਸਟਰੇਲੀਆ, ਕੈਨੇਡਾ, ਕੀਨੀਆ, ਫੀਜ਼ੀ ਜਿਹੇ ਦੇਸ਼ਾਂ ਤੋਂ ਲੋਕ ਬ੍ਰਿਟਿਸ਼ ਸੁਰੱਖਿਆ ਬਲਾਂ 'ਚ ਭਰਤੀ ਹੋਣ ਲਈ ਅਪਲਾਈ ਕਰ ਸਕਣਗੇ। ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਆਖਿਆ, 'ਅਸੀਂ ਹੁਣ ਕਾਮਨਵੈਲਥ ਦੇਸ਼ਾਂ ਦੇ ਨਾਗਰਿਕਾਂ ਲਈ ਬ੍ਰਿਟੇਨ 'ਚ 5 ਸਾਲ ਦਾ ਪ੍ਰਵਾਸ ਦੇ ਨਿਯਮ ਨੂੰ ਖਤਮ ਕਰਨ ਅਤੇ ਥਲ ਸੈਨਾ, ਸ਼ਾਹੀ ਨੌ-ਸੈਨਾ, ਸ਼ਾਹੀ ਹਵਾਈ ਫੌਜ 'ਚ 1,350 ਰੰਗਰੂਟ (ਸਿਪਾਹੀ) ਭਰਤੀ ਕਰਨ ਦਾ ਫੈਸਲਾ ਕੀਤਾ ਹੈ।
ਬਿਆਨ 'ਚ ਕਿਹਾ ਗਿਆ ਕਿ ਸਾਰੇ ਰਾਸ਼ਟਰਮੰਡਲ ਦੇਸ਼ਾਂ ਤੋਂ ਐਪਲੀਕੇਸ਼ਨਾਂ ਸਵੀਕਾਰ ਕੀਤੀਆਂ ਜਾਣਗੀਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀਆਂ ਐਪਲੀਕੇਸ਼ਨਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਰਾਸ਼ਟਰਮੰਡਲ ਭਾਰਤ ਜਿਹੇ 53 ਸੁਤੰਤਰ ਦੇਸ਼ਾਂ ਦਾ ਸੰਗਠਨ ਹੈ।


Related News