ਕਸ਼ਮੀਰ ਮੁੱਦੇ ''ਤੇ ਭਾਰਤ ਨੂੰ ਬ੍ਰਿਟਿਸ਼ ਲੇਬਰ ਪਾਰਟੀ ਦੇ ਨੇਤਾ ਦਾ ਮਿਲਿਆ ਸਮਰਥਨ

Friday, May 01, 2020 - 05:58 PM (IST)

ਲੰਡਨ/ਨਵੀਂ ਦਿੱਲੀ (ਬਿਊਰੋ): ਕਸ਼ਮੀਰ ਮਾਮਲੇ 'ਤੇ ਭਾਰਤ ਨੂੰ ਇਕ ਵੱਡੀ ਕੂਟਨੀਤਕ ਜਿੱਤ ਹਾਸਲ ਹੋਈ ਹੈ। ਬ੍ਰਿਟੇਨ ਦੀ ਲੇਬਰ ਪਾਰਟੀ ਨੇ ਕਸ਼ਮੀਰ 'ਤੇ ਆਪਣਾ ਭਾਰਤ ਵਿਰੋਧੀ ਰਵੱਈਆ ਬਦਲ ਲਿਆ ਹੈ। ਲੇਬਰ ਪਾਰਟੀ ਦੇ ਨਵੇਂ ਨੇਤਾ ਕੀਯਰ ਸਟਾਰਟਮਰ ਨੇ ਕਿਹਾ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਆਪਸੀ ਦੋ-ਪੱਖੀ ਮਾਮਲਾ ਹੈ।

ਸਟਾਰਮਰ ਨੇ ਵੀਰਵਾਰ ਨੂੰ ਲੇਬਰ ਫ੍ਰੈਂਡਸ ਆਫ ਇੰਡੀਆ (LFIN) ਦੀ ਟੀਮ ਨਾਲ ਮੁਲਾਕਾਤ ਦੇ ਬਾਅਦ ਕਿਹਾ,''ਅਸੀਂ ਏਸ਼ੀਆ ਦੇ ਮੁੱਦਿਆਂ ਦੇ ਕਾਰਨ ਇੱਥੋਂ ਦੇ ਭਾਈਚਾਰੇ ਨੂੰ ਵੰਡਿਆ ਹੋਇਆ ਨਹੀਂ ਹੋਣ ਦੇ ਸਕਦੇ। ਭਾਰਤ ਦਾ ਕੋਈ ਵੀ ਸੰਵਿਧਾਨਿਕ ਮੁੱਦਾ ਭਾਰਤੀ ਸੰਸਦ ਦਾ ਮੁੱਦਾ ਹੈ ਅਤੇ ਕਸ਼ਮੀਰ ਮਾਮਲੇ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਹੈ।'' ਅਸਲ ਵਿਚ ਬ੍ਰਿਟੇਨ ਵਿਚ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦੀ ਚੰਗੀ ਗਿਣਤੀ ਹੈ ਅਤੇ ਦੋਵੇਂ ਹੀ ਭਾਈਚਾਰੇ ਇੱਥੋਂ ਦੀ ਰਾਜਨੀਤੀ ਵਿਚ ਵੱਡੀ ਮਹੱਤਤਾ ਰੱਖਦੇ ਹਨ।

ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਸਟਾਰਟਮਰ, ਕਸ਼ਮੀਰ ਦੇ ਮਾਮਲੇ ਵਿਚ ਆਪਣੇ ਤੋਂ ਪਹਿਲੇ ਨੇਤਾ ਜੇਰੇਮੀ ਕਾਰਬਿਨ ਦੀਆਂ ਨੀਤੀਆਂ ਤੋਂ ਦੂਰੀ ਬਣਾਈ ਰੱਖਦੇ ਹੋਏ ਨਜ਼ਰ ਆ ਰਹੇ ਹਨ। ਜੇਰੇਮੀ ਨੇ ਕਸ਼ਮੀਰ ਵਿਚ ਮਨੁੱਖਤਾ 'ਤੇ ਬਹੁਤ ਵੱਡਾ ਸੰਕਟ ਦੱਸਦਿਆਂ ਇਕ ਐਮਰਜੈਂਸੀ ਪ੍ਰਸਤਾਵ ਪਾਸ ਕੀਤਾ ਸੀ। ਬ੍ਰਿਟੇਨ ਵਿਚ 15 ਲੱਖ ਦੀ ਆਬਾਦੀ ਵਾਲੇ ਭਾਰਤੀ ਭਾਈਚਾਰੇ ਦੇ ਵਿਚ ਜੇਰੇਮੀ ਦੀ ਤਿੱਖੀ ਆਲੋਚਨਾ ਹੁੰਦੀ ਸੀ। ਕਾਰਬਿਨ ਨੇ 2019 ਵਿਚ ਕਸ਼ਮੀਰ 'ਤੇ ਟਵੀਟ ਕੀਤਾ ਸੀ, ਜਿਸ ਵਿਚ ਉਹਨਾਂ ਦਾ ਰਵੱਈਆ ਸਪੱਸ਼ਟ ਹੋ ਗਿਆ ਸੀ। ਉਹਨਾਂ ਨੇ ਲਿਖਿਆ ਸੀ,''ਕਸ਼ਮੀਰ ਦੇ ਹਾਲਾਤ ਬਹੁਤ ਹੀ ਦੁਖ ਪਹੁੰਚਾਉਣ ਵਾਲੇ ਹਨ। ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਜੋ ਬਿਲਕੁੱਲ ਨਾ ਮੰਨਣਯੋਗ ਹੈ। ਕਸ਼ਮੀਰੀਆਂ ਦੇ ਅਧਿਕਾਰਾਂ ਦਾ ਸਨਮਾਨ ਹੋਣਾ ਜ਼ਰੂਰੀ ਹੈ ਅਤੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।''

ਜਦੋਂ ਭਾਰਤ ਦੀ ਵਰਤਮਾਨ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਕਸ਼ਮੀਰ ਵਿਚੋਂ ਧਾਰਾ 370 ਹਟਾਈ ਤਾਂ ਸਤੰਬਰ 2019 ਵਿਚ ਕਸ਼ਮੀਰ 'ਤੇ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਸੀ। ਲੇਬਰ ਪਾਰਟੀ ਨੇ ਕਸ਼ਮੀਰ ਵਿਚ ਇਕ ਅੰਤਰਰਾਸ਼ਟਰੀ ਟੀਮ ਭੇਜਣ ਦੀ ਵੀ ਮੰਗ ਕੀਤੀ ਸੀ ਅਤੇ ਨਾਗਰਿਕਾਂ ਦੇ ਲਾਪਤਾ ਹੋਣ ਅਤੇ ਮਨੁੱਖੀ ਅਧਿਕਾਰ ਉਲੰਘਣਾ ਦਾ ਦੋਸ਼ ਲਗਾਇਆ ਸੀ। ਪ੍ਰਸਤਾਵ ਵਿਚ ਕਿਹਾ ਗਿਆ ਸੀ ਕਿ ਕਸ਼ਮੀਰ ਦੇ ਲੋਕਾਂ ਨੂੰ ਆਤਮ ਸੰਕਲਪ ਦਾ ਅਧਿਕਾਰ ਮਿਲਣਾ ਚਾਹੀਦਾ ਹੈ।ਸਟਾਰਮਟਰ ਦਾ ਇਹ ਬਿਆਨ ਪਾਰਟੀ ਦੇ ਅੰਦਰ ਤੂਫਾਨ ਵੀ ਲਿਆ ਸਕਦਾ ਹੈ। ਲੇਬਰ ਪਾਰਟੀ ਦੀ ਲੰਡਨ ਵਾਈਸ ਚੇਯਰ ਸੀਮਾ ਚੰਦਵਾਨੀ ਨੇ ਕਿਹਾ ਕਿ ਸਟਾਰਟਮਰ ਕਿਸੇ ਗੈਰ-ਜ਼ਿੰਮੇਵਾਰ ਸਮੂਹ ਵਾਲੇ ਲੋਕਾਂ ਦੇ ਨਾਲ ਮਿਲ ਕੇ ਇਕਪਾਸੜ ਕਸ਼ਮੀਰ 'ਤੇ ਪਾਰਟੀ ਦਾ ਰਵੱਈਆ ਨਹੀਂ ਬਦਲ ਸਕਦੇ।

ਗਾਰਡੀਅਨ ਕਾਲਮਿਸਟ ਓਵੇਨ ਜੋਨਸ ਨੇ ਕਿਹਾ ਕਿ ਉਹ ਸਟਾਰਟਮਰ ਨੂੰ ਕਸ਼ਮੀਰ ਮੁੱਦੇ 'ਤੇ ਜ਼ਿਆਦਾ ਮਜ਼ਬੂਤੀ ਨਾਲ ਖੜ੍ਹੇ ਹੁੰਦੇ ਹੋਏ ਅਤੇ ਕਸ਼ਮੀਰੀਆਂ ਦੇ ਆਤਮ ਸੰਕਲਪ ਦੇ ਅਧਿਕਾਰ ਦੀ ਇੱਛਾ ਦਾ ਸਮਰਥਨ ਕਰਦੇ ਦੇਖਣਾ ਚਾਹੁੰਦੇ ਸੀ। ਉਹਨਾਂ ਨੇ ਲਿਖਿਆ,''ਕਸ਼ਮੀਰ ਕਸ਼ਮੀਰੀ ਲੋਕਾਂ ਦਾ ਮਾਮਲਾ ਹੈ, ਭਾਰਤੀ ਸੰਸਦ ਦਾ ਨਹੀਂ। ਲੇਬਰ ਪਾਰਟੀ ਨੂੰ ਕਸ਼ਮੀਰੀਆਂ ਦੇ ਆਤਮ ਸੰਕਲਪ ਦੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਦਾ ਸਮਰਥਨ ਕਰਨਾ ਚਾਹੀਦਾ ਹੈ।'' ਸੰਸਦ ਵਿਚ ਆਪਣੇ ਭਾਸ਼ਣ ਦੌਰਾਨ ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਐੱਮ.ਪੀ. ਤਾਹਿਰ ਅਲੀ ਨੇ 'ਕਸ਼ਮੀਰ ਵਿਚ ਅੱਤਿਆਚਾਰ' ਖਤਮ ਕਰਾਉਣ ਦੀ ਮੰਗ ਕੀਤੀ। ਤਾਹਿਰ ਨੇ ਕਿਹਾ,''ਮੇਰੇ ਨਜ਼ਰੀਏ ਵਿਚ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਦੋ-ਪੱਖੀ ਮਾਮਲਾ ਨਹੀਂ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਜ਼ਿੰਮੇਵਾਰੀ ਲੈਣ ਦੀ ਲੋੜ ਹੈ।''

ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਚੁਣਾਵੀ ਮੁੱਦਾ ਕਸ਼ਮੀਰ ਹੀ ਸੀ। ਚੋਣਾਂ ਦੇ ਸਮੇਂ ਲੇਬਰ ਪਾਰਟੀ ਨੇ ਵੀ ਕਸ਼ਮੀਰ 'ਤੇ ਪ੍ਰਸਤਾਵ ਨਾਲ ਨਾਰਾਜ਼ ਭਾਰਤੀ ਭਾਈਚਾਰੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਰਨੀਮੇਡ ਟਰੱਸਟ ਦੀ ਰਿਸਰਚ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਇਕ ਦਹਾਕੇ ਵਿਚ ਲੇਬਰ ਪਾਰਟੀ ਨੂੰ ਬ੍ਰਿਟਿਸ਼ ਭਾਰਤੀਆਂ ਦਾ ਸਮਰਥਨ ਮਿਲਦਾ ਰਿਹਾ ਹੈ ਪਰ ਬ੍ਰਿਟਿਸ਼ ਭਾਰਤੀਆਂ ਵਿਚੋਂ ਜ਼ਿਆਦਾਤਰ ਹਿੰਦੂ ਆਬਾਦੀ ਦਾ ਕੰਜ਼ਰਵੇਟਿਵ ਪਾਰਟੀ ਲਈ ਸਮਰਥਨ ਵੱਧਦਾ ਜਾ ਰਿਹਾ ਹੈ। 2010 ਦੀਆਂ ਆਮ ਚੋਣਾਂ ਵਿਚ ਜਿੱਥੇ 30 ਫੀਸਦੀ ਬ੍ਰਿਟਿਸ਼ ਹਿੰਦੂਆਂ ਨੇ ਕੰਜ਼ਰਵੇਟਿਵ ਪਾਰਟੀ ਲਈ ਵੋਟ ਕੀਤੀ ਤਾਂ 2017 ਦੀਆਂ ਆਮ ਚੋਣਾਂ ਵਿਚ ਇਹ ਅੰਕੜਾ 40 ਫੀਸਦੀ ਤੱਕ ਪਹੁੰਚ ਗਿਆ ਸੀ। ਸ਼ਾਇਦ ਇਹੀ ਕਾਰਨ ਹੈ ਕਿ ਲੇਬਰ ਪਾਰਟੀ ਦੇ ਨਵੇਂ ਨੇਤਾ ਕਸ਼ਮੀਰ ਮੁੱਦੇ 'ਤੇ ਭਾਰਤੀ ਭਾਈਚਾਰੇ ਦੀ ਨਾਰਾਜ਼ਗੀ ਵਧਾਉਣਾ ਨਹੀਂ ਚਾਹੁੰਦੇ।


Vandana

Content Editor

Related News