ਹੈਲੀਕਾਪਟਰ ਹਾਦਸਾ: ਦੇਸ਼ ਲਈ ਕੁਰਬਾਨ ਹੋਏ ਮੇਜਰ ਅਨੁਜ ਦੀ ਡੇਢ ਮਹੀਨੇ ਪਹਿਲਾਂ ਹੋਈ ਸੀ ਕੁੜਮਾਈ
Wednesday, Sep 22, 2021 - 01:14 PM (IST)
ਪੰਚਕੂਲਾ (ਉਮੰਗ)— ਜੰਮੂ-ਕਸ਼ਮੀਰ ਦੇ ਊਧਮਪੁਰ ਵਿਚ ਪਟਨੀਟਾਪ ’ਚ ਮੰਗਲਵਾਰ ਨੂੰ ਫ਼ੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਪਾਇਲਟ ਅਤੇ ਸਹਿ-ਪਾਇਲਟ ਦੋਹਾਂ ਦੀ ਮੌਤ ਹੋ ਗਈ। ਹਾਦਸੇ ਵਿਚ ਪੰਚਕੂਲਾ ਨੇ ਇਕ ਮਹਾਨ ਸਪੂਤ ਗੁਆ ਦਿੱਤਾ। ਮੇਜਰ ਅਨੁਜ ਰਾਜਪੂਤ ਪੰਚਕੂਲਾ ਸੈਕਟਰ-20 ’ਚ ਰਹਿੰਦੇ ਸਨ। ਜਿਵੇਂ ਹੀ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਜੰਮੂ-ਕਸ਼ਮੀਰ ਰਵਾਨਾ ਹੋ ਗਏ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਊਧਮਪੁਰ ’ਚ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 2 ਪਾਇਲਟ ਜ਼ਖਮੀ
ਮੇਜਰ ਅਨੁਜ ਰਾਜਪੂਤ ਦਾ ਤਿੰਨ ਦਿਨ ਪਹਿਲਾਂ, ਯਾਨੀ ਕਿ 18 ਸਤੰਬਰ ਨੂੰ ਹੀ ਜਨਮ ਦਿਨ ਸੀ। ਕਰੀਬ ਡੇਢ ਮਹੀਨੇ ਪਹਿਲਾਂ ਮੇਜਰ ਅਨੁਜ ਰਾਜਪੂਤ ਦੀ ਦਿੱਲੀ ’ਚ ਕੁੜਮਾਈ ਵੀ ਹੋਈ ਸੀ। ਅਨੁਜ ਰਾਜਪੂਤ ਦੀ 12ਵੀਂ ਤੱਕ ਦੀ ਪੜ੍ਹਾਈ ਚੰਡੀਗੜ੍ਹ ਵਿਚ ਹੋਈ। ਅੱਗੇ ਦੀ ਪੜ੍ਹਾਈ ਕਰਨ ਲਈ ਉਹ ਦੇਹਰਾਦੂਨ ਚਲੇ ਗਏ ਸਨ। ਮੇਜਰ ਅਨੁਜ ਰਾਜਪੂਤ ਆਪਣੇ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਸਨ। ਓਧਰ ਸੋਸਾਇਟੀ ਵਿਚ ਲੋਕਾਂ ਨੂੰ ਮੇਜਰ ਅਨੁਜ ਦੀ ਸ਼ਹਾਦਤ ਦਾ ਪਤਾ ਮੰਗਲਵਾਰ ਰਾਤ ਕਰੀਬ 9 ਵਜੇ ਲੱਗਾ।
ਇਹ ਵੀ ਪੜ੍ਹੋ : ਊਧਮਪੁਰ ਹੈਲੀਕਾਪਟਰ ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖਮੀ ਦੋਵੇਂ ਪਾਇਲਟਾਂ ਦੀ ਹੋਈ ਮੌਤ
ਮੇਜਰ ਅਨੁਜ ਰਾਜਪੂਤ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਦੀ ਸੋਸਾਇਟੀ ’ਚ ਰਹਿਣ ਵਾਲੇ ਲੋਕ ਸੋਗ ’ਚ ਡੁੱਬ ਗਏ। ਮੰਗਲਵਾਰ ਰਾਤ ਸਾਢੇ 9 ਵਜੇ ਮਗਰੋਂ ਮਿਲਟਰੀ ਤੋਂ ਵੀ ਫ਼ੌਜ ਪੁਲਸ ਸੈਕਟਰ-20 ਜੀ. ਐੱਚ. ਨੰਬਰ 104 ਪਹੁੰਚੀ। ਇਸ ਦੌਰਾਨ ਮਿਲਟਰੀ ਦੇ ਅਧਿਕਾਰੀ ਉਨ੍ਹਾਂ ਦੇ ਫਲੈਟ ’ਤੇ ਵੀ ਗਏ ਪਰ ਉੱਥੇ ਕੋਈ ਨਹੀਂ ਮਿਲਿਆ। ਸ਼ਹੀਦ ਮੇਜਰ ਅਨੁਜ ਰਾਜਪੂਤ ਦਾ ਮਰਹੂਮ ਸਰੀਰ ਅੱਜ ਪੰਚਕੂਲਾ ਦੇ ਸੈਕਟਰ-20 ਲਿਆਉਣ ਦੀ ਤਿਆਰੀ ਸ਼ੁਰ ਕਰ ਦਿੱਤੀ ਗਈ ਹੈ।