ਇਲਾਜ ਕਰਾਉਣ ਆਈਆਂ ਦੋ ਔਰਤਾਂ ਨਿਕਲੀਆਂ ਕੋਰੋਨਾ ਪਾਜ਼ੇਟਿਵ, ਦੋ ਨਰਸਿੰਗ ਹੋਮ ਸੀਲ
Tuesday, May 05, 2020 - 05:53 PM (IST)

ਬਹਿਰਾਈਚ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲੇ ਵਿਚ ਮੰਗਲਵਾਰ ਨੂੰ ਦੋ ਵੱਖ-ਵੱਖ ਨਿੱਜੀ ਨਰਸਿੰਗ ਹੋਮ 'ਚ ਇਲਾਜ ਕਰਾਉਣ ਆਈਆਂ ਦੋ ਔਰਤਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਦੋਹਾਂ ਨੂੰ ਸੀਲ ਕਰ ਦਿੱਤਾ ਗਿਆ। ਡਾ. ਸੁਰੇਸ਼ ਸਿੰਘ ਨੇ ਦੱਸਿਆ ਕਿ ਜੇਲ ਰੋਡ 'ਤੇ ਸਥਿਤ ਇਕ ਨਰਸਿੰਗ ਹੋਮ ਦੀ ਮਾਲਕਣ ਇਸਤਰੀ ਰੋਗ ਮਾਹਰ ਤੋਂ ਸ਼ਹਿਰ ਬਖਸ਼ੀਪੁਰਾ ਮੁਹੱਲਾ ਵਾਸੀ 8 ਮਹੀਨੇ ਦੀ ਗਰਭਵਤੀ ਔਰਤ ਇਲਾਜ ਕਰਾਉਣ ਆਈ ਸੀ। ਮਹਿਲਾ ਨੂੰ ਭਰਤੀ ਕਰਨ ਤੋਂ ਪਹਿਲਾਂ ਕੋਰੋਨਾ ਦੀ ਜਾਂਚ ਲਈ ਉਸ ਨੂੰ ਵਾਪਸ ਘਰ ਭੇਜਿਆ ਗਿਆ ਸੀ। ਉਸ ਦਾ ਨਮੂਨਾ ਇਕੱਠਾ ਕਰ ਕੇ ਜਾਂਚ ਕਰਵਾਈ ਗਈ ਸੀ।
ਇਸ ਤਰ੍ਹਾਂ ਸ਼ਹਿਰ ਦੇ ਨਾਨਪਾਰਾ ਰੋਡ 'ਤੇ ਸਥਿਤ ਹੱਡੀਆਂ ਦੇ ਰੋਗ ਦੇ ਹਸਪਤਾਲ ਵਿਚ ਦੋ ਦਿਨ ਪਹਿਲਾਂ ਕਮਰ ਦਾ ਆਪਰੇਸ਼ਨ ਲਈ ਭਰਤੀ ਇਕ ਮਹਿਲਾ ਮਰੀਜ਼ ਦੀ ਵੀ ਜਾਂਚ ਕਰਵਾਈ ਸੀ। ਮੰਗਲਵਾਰ ਨੂੰ ਆਈ ਜਾਂਚ ਰਿਪੋਰਟ 'ਚ ਦੋਵੇਂ ਔਰਤਾਂ ਕੋਰੋਨਾ ਪਾਜ਼ੇਟਿਵ ਨਿਕਲੀਆਂ ਹਨ। ਇਸ ਤਰ੍ਹਾਂ ਜ਼ਿਲੇ ਵਿਚ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਸਿੰਘ ਨੇ ਦੱਸਿਆ ਕਿ ਵਾਇਰਸ ਫੈਲਣ ਦੇ ਖਦਸ਼ੇ ਨੂੰ ਦੇਖਦਿਆਂ ਨਰਸਿੰਗ ਹੋਮ ਬੰਦ ਕਰ ਦਿੱਤੇ ਗਏ। ਇਸ ਦੇ ਨਾਲ ਹੀ ਨਰਸਿੰਗ ਹੋਮ ਦੇ ਡਾਕਟਰਾਂ, ਹਸਪਤਾਲ ਕਰਮਚਾਰੀਆਂ, ਐਕਸ-ਰੇਅ ਵਿਭਾਗ ਅਤੇ ਮੈਡੀਕਲ ਸਟੋਰ ਦੇ ਕਰਮਚਾਰੀਆਂ ਨੂੰ ਹਸਪਤਾਲ ਵਿਚ ਹੀ ਕੁਆਰੰਟੀਨ ਕੀਤਾ ਗਿਆ ਹੈ।