ਅਰੁਣਾਚਲ ਦੀ ਜੇਲ੍ਹ ਤੋਂ 2 ਅੱਤਵਾਦੀ ਸੁਰੱਖਿਆ ਕਰਮੀ ਦਾ ਕਤਲ ਕਰ ਹੋਏ ਫਰਾਰ

03/27/2023 10:03:03 AM

ਈਟਾਨਗਰ (ਭਾਸ਼ਾ)- ਅਰੁਣਾਚਲ ਪ੍ਰਦੇਸ਼ 'ਚ ਨਿਕੀ ਸੁਮੀ ਦੀ ਅਗਵਾਈ ਵਾਲੇ ਐੱਨ.ਐੱਸ.ਸੀ.ਐੱਨ. (ਕੇ) ਧਿਰ ਦੇ 2 ਅੱਤਵਾਦੀ ਡਿਊਟੀ 'ਤੇ ਤਾਇਨਾਤ ਸੁਰੱਖਿਆ ਕਰਮੀ ਦਾ ਕਤਲ ਕਰ ਕੇ ਤਿਰਪ ਜ਼ਿਲ੍ਹੇ ਦੀ ਖੋਂਸਾ ਜੇਲ੍ਹ ਤੋਂ ਫਰਾਰ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਰੁਣਾਚਲ ਪ੍ਰਦੇਸ਼ ਪੁਲਸ ਦੇ ਬੁਲਾਰੇ ਰੋਹਿਤ ਰਾਜਬੀਰ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਵਿਸ਼ੇਸ਼ ਸੈੱਲ 'ਚ ਕੈਦ 2 ਅੱਤਵਾਦੀ ਰੋਕਸੇਨ ਹੋਮਚਾ ਲੋਵਾਂਗ ਅਤੇ ਤਿਪਤੁ ਕਿਤਨੀਆ ਨੇ ਕਾਂਸਟੇਬਲ ਵਾਂਗਨਿਆਮ ਬੋਸਈ ਤੋਂ ਸਰਵਿਸ ਰਾਈਫ਼ਲ ਖੋਹ ਲਈ ਅਤੇ ਐਤਵਾਰ ਸ਼ਾਮ ਕਰੀਬ 5 ਵਜੇ ਬੇਸੋਈ 'ਤੇ ਗੋਲੀ ਚਲਾਈ ਅਤੇ ਜੇਲ੍ਹ ਤੋਂ ਫਰਾਰ ਹੋ ਗਏ। 

ਬੋਸਈ ਦੇ ਢਿੱਡ 'ਚ ਗੋਲੀ ਲੱਗੀ ਸੀ। ਆਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ 'ਚ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਉਨ੍ਹਾਂ ਨੇ ਦਮ ਤੋੜ ਦਿੱਤਾ। ਕਿਤਨੀਆ ਚਾਂਗਲਾਂਗ ਜ਼ਿਲ੍ਹੇ 'ਚ ਖਾਰਸਾਂਗ ਦਾ ਵਾਸੀ ਹੈ, ਜੋ ਇਲਾਜ ਅਧੀਨ ਕੈਦ ਸੀ ਅਤੇ ਤਿਰਪ ਜ਼ਿਲ੍ਹੇ 'ਚ ਬੋਰਦੁਰੀਆ ਦਾ ਵਾਸੀ ਲੋਵਾਂਗ ਕਤਲ ਮਾਮਲੇ 'ਚ ਸਜ਼ਾ ਕੱਟ ਰਿਹਾ ਸੀ। ਬੁਲਾਰੇ ਨੇ ਦੱਸਿਆ ਕਿ ਫਰਾਰ ਕੈਦੀਆਂ ਨੂੰ ਫੜਨ ਲਈ ਤਿਰਪ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਅਤੇ 6ਵੀਂ ਆਸਾਮ ਰਾਈਫ਼ਲਰਜ਼ ਦੇ ਕਮਾਂਡਿੰਗ ਅਧਿਕਾਰੀ ਦੀ ਅਗਵਾਈ 'ਚ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਿੰਘ ਨੇ ਦੱਸਿਆ ਕਿ ਡਿਊਟੀ 'ਚ ਲਾਪਰਵਾਹੀ ਵਰਤਣ ਵਾਲੇ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।


DIsha

Content Editor

Related News