ਹਰਿਆਣਾ: ਕੈਥਲ ’ਚ ਵਾਪਰਿਆ ਦਰਦਨਾਕ ਹਾਦਸਾ, ਦੋ ਕਬੱਡੀ ਖਿਡਾਰੀਆਂ ਦੀ ਮੌਤ

Saturday, Feb 05, 2022 - 11:07 AM (IST)

ਹਰਿਆਣਾ: ਕੈਥਲ ’ਚ ਵਾਪਰਿਆ ਦਰਦਨਾਕ ਹਾਦਸਾ, ਦੋ ਕਬੱਡੀ ਖਿਡਾਰੀਆਂ ਦੀ ਮੌਤ

ਕੈਥਲ— ਜੀਂਦ-ਕੈਥਲ ਰੋਡ ’ਤੇ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਕਬੱਡੀ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਸਨ, ਜੋ ਕਿ ਕੈਥਲ ਵਿਚ ਕੋਚਿੰਗ ਲੈਂਦੇ ਸਨ। ਉਹ ਆਪਣੇ ਤਿੰਨ ਦੋਸਤਾਂ ਨਾਲ ਇਕ ਕਾਰ ’ਚ ਸਵਾਰ ਹੋ ਕੇ ਕੈਥਲ ਤੋਂ ਆਪਣੇ-ਆਪਣੇ ਪਿੰਡ ਪਰਤ ਰਹੇ ਸਨ। ਇਹ ਹਾਦਸਾ ਵੀਰਵਾਰ ਦੇਰ ਰਾਤ ਵਾਪਰਿਆ। ਹਾਦਸੇ ’ਚ 3 ਨੌਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। 

ਜਾਣਕਾਰੀ ਮੁਤਾਬਕ ਪਿੰਡ ਗੁਲਿਆਨਾ ਵਾਸੀ ਕਰਮਜੀਤ (25) ਅਤੇ ਪਿੰਡ ਕਿਠਾਨਾ ਵਾਸੀ ਗੁਰਮੀਤ (24) ਆਪਣੇ ਦੋਸਤਾਂ ਨਾਲ ਕਾਰ ’ਚ ਸਵਾਰ ਹੋ ਕੇ ਆਪਣੇ-ਆਪਣੇ ਘਰ ਕੈਥਲ ਪਰਤ ਰਹੇ ਸਨ। ਦੇਰ ਰਾਤ ਪਿੰਡ ਦੇਵਬਨ ਕੋਲ ਅਚਾਨਕ ਕਾਰ ਦਾ ਟਾਇਰ ਫਟ ਗਿਆ ਅਤੇ ਕਾਰ ਸੜਕ ਕੰਢੇ ਲੱਗੇ ਦਰੱਖ਼ਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਗੁਲਿਆਨਾ ਵਾਸੀ ਕਰਮਜੀਤ ਅਤੇ ਕਿਠਾਨਾ ਵਾਸੀ ਗੁਰਮੀਤ ਦੀ ਮੌਤ ਹੋ ਗਈ। ਹਾਦਸੇ ਵਿਚ ਪਿੰਡ ਕਿਠਾਨਾ ਵਾਸੀ ਵਰਿੰਦਰ ਅਤੇ ਰੋਹਤਾਸ਼ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਦੋਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

ਉੱਥੇ ਹੀ ਪਿੰਡ ਕਿਠਾਨਾ ਵਾਸੀ ਚਾਲਕ ਮਨੋਜ ਕੁਮਾਰ ਦਾ ਇਲਾਜ ਕੈਥਲ ਦੇ ਹਸਪਤਾਲ ’ਚ ਚੱਲ ਰਿਹਾ ਹੈ। ਮਨੋਜ ਕੁਮਾਰ ਫ਼ੌਜ ’ਚ ਨੌਕਰੀ ਕਰਦਾ ਹੈ ਅਤੇ ਉਹ ਛੁੱਟੀ ’ਤੇ ਆਪਣੇ ਪਿੰਡ ਆਇਆ ਹੋਇਆ ਹੈ। ਇਸ ਹਾਦਸੇ ਮਗਰੋਂ ਪਿੰਡ ’ਚ ਸੋਗ ਦੀ ਲਹਿਰ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਦਲਬੀਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਾਇਆ ਗਿਆ। ਦੋ ਕਬੱਡੀ ਖਿਡਾਰੀਆਂ ਦੀ ਮੌਤ ਹੋ ਗਈ ਹੈ। ਕਾਰ ਚਾਲਕ ਮਨੋਜ ਦੇ ਬਿਆਨ ’ਤੇ ਅੱਗੇ ਦੀ ਕਾਰਵਾਈ ਕੀਤੀ ਗਈ।


author

Tanu

Content Editor

Related News