ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ''ਚ ਜੈਸ਼ ਦੇ 2 ਅੱਤਵਾਦੀ ਕੀਤੇ ਢੇਰ

Wednesday, Sep 28, 2022 - 12:41 PM (IST)

ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ''ਚ ਜੈਸ਼ ਦੇ 2 ਅੱਤਵਾਦੀ ਕੀਤੇ ਢੇਰ

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਮੰਗਲਵਾਰ ਸ਼ਾਮ ਸੁਰੱਖਿਆ ਫ਼ੋਰਸਾਂ ਨਾਲ ਹੋਏ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਮਾਰੇ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁਲਗਾਮ ਦੇ ਅਹਵਾਟੂ ਇਲਾਕੇ 'ਚ ਉਦੋਂ ਸ਼ੁਰੂ ਹੋਇਆ ਜਦੋਂ ਸੁਰੱਖਿਆ ਫ਼ੋਰਸਾਂ ਦੀਆਂ ਸਾਂਝੀਆਂ ਟੀਮਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਦੋਂ ਸੁਰੱਖਿਆ ਫ਼ੋਰਸਾਂ ਦੀ ਸਾਂਝੀ ਟੀਮ ਇਕ ਖਾਸ ਥਾਂ 'ਤੇ ਪਹੁੰਚੀ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਫ਼ੋਰਸ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਭਿਆਨਕ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਗੋਲੀਬਾਰੀ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਸੀ। ਮੁਕਾਬਲੇ 'ਚ ਮੰਗਲਵਾਰ ਰਾਤ ਇਕ ਹੋਰ ਅੱਤਵਾਦੀ ਮਾਰਿਆ ਗਿਆ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਹੋ ਗਈ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ : ਲਖੀਮਪੁਰ ਖੀਰੀ 'ਚ ਵਾਪਰਿਆ ਭਿਆਨਕ ਹਾਦਸਾ, 10 ਲੋਕਾਂ ਦੀ ਮੌਤ

ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਦੋਵੇਂ ਅੱਤਵਾਦੀ ਸਥਾਨਕ ਸਨ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਸਨ ਅਤੇ ਕਈ ਅੱਤਵਾਦੀ ਅਪਰਾਧਾਂ 'ਚ ਸ਼ਾਮਲ ਸਨ। ਏ.ਡੀ.ਜੀ.ਪੀ. ਕੁਮਾਰ ਨੇ ਇਕ ਟਵੀਟ 'ਚ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਬਟਪੋਰਾ ਦੇ ਮੁਹੰਮਦ ਸ਼ਫੀ ਗਨੀ ਅਤੇ ਕੁਲਗਾਮ ਦੇ ਟਾਕੀਆ ਗੋਪਾਲਪੋਰਾ ਦੇ ਮੁਹੰਮਦ ਆਸਿਫ਼ ਵਾਨੀ ਉਰਫ਼ ਯਾਵਰ ਵਜੋਂ ਹੋਈ ਹੈ। ਘਟਨਾ ਵਾਲੇ ਸਥਾਨ ਤੋਂ 2 ਏ.ਕੇ. 47 ਰਾਈਫਲਾਂ ਅਤੇ ਗੋਲਾ ਬਾਰੂਦ ਸਮੇਤ ਅਪਰਾਧਿਕ ਸਮੱਗਰੀ ਬਰਾਮਦ ਕੀਤੀ ਗਈ ਹੈ। ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜਾ ਮੁਕਾਬਲਾ ਸੀ। ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਬਟਪੋਰਾ ਇਲਾਕੇ 'ਚ ਸੋਮਵਾਰ ਨੂੰ ਅੱਤਵਾਦੀ ਵਿਰੋਧੀ ਮੁਹਿੰਮ ਦੌਰਾਨ ਜੈਸ਼-ਏ-ਮੁਹੰਮਦ ਦੇ ਅਬੂ ਹੁਰਾਹ ਵਜੋਂ ਇਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ ਅਤੇ ਦੋ ਨਾਗਰਿਕਾਂ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News