2 ਕਾਲਜਾਂ ਅਤੇ 7 ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ
Thursday, Oct 03, 2024 - 04:58 PM (IST)
ਤਿਰੂਚਿਰਾਪੱਲੀ- ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਵਿਚ ਵੀਰਵਾਰ ਨੂੰ ਨੌਂ ਵਿਦਿਅਕ ਸੰਸਥਾਵਾਂ ਨੂੰ ਇਕ ਈ-ਮੇਲ ਮਿਲੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਕੰਪਲੈਕਸ 'ਚ ਬੰਬ ਲਗਾਏ ਗਏ ਸਨ। ਹਾਲਾਂਕਿ ਤਲਾਸ਼ੀ ਤੋਂ ਬਾਅਦ ਬੰਬ ਦੀ ਇਹ ਧਮਕੀ ਅਫਵਾਹ ਸਾਬਤ ਹੋਈ। ਈ-ਮੇਲ ਦੇਖਣ ਤੋਂ ਬਾਅਦ ਮਣਪਰਾਈ ਦੇ ਕੈਂਪੀਅਨ ਸਕੂਲ ਦੇ ਪ੍ਰਬੰਧਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਬੰਬ ਦਾ ਪਤਾ ਲਾਉਣ ਅਤੇ ਉਸ ਨੂੰ ਨਸ਼ਟ ਕਰਨ ਵਾਲੇ ਬੰਬ ਨਿਰੋਧਕ ਦਸਤੇ ਨੇ ਸਕੂਲ ਦੇ ਕੰਪਲੈਕਸ ਦੀ ਤਲਾਸ਼ੀ ਲਈ ਅਤੇ ਬਾਅਦ 'ਚ ਅਜਿਹੀਆਂ ਮੇਲ ਪ੍ਰਾਪਤ ਕਰਨ ਵਾਲੀਆਂ ਹੋਰ ਸੰਸਥਾਵਾਂ ਦੀ ਵੀ ਤਲਾਸ਼ੀ ਲਈ ਗਈ। ਜਿਨ੍ਹਾਂ ਸੰਸਥਾਵਾਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿਚ ਸੇਂਟ ਜੋਸਫ਼ ਕਾਲਜ, ਹੋਲੀ ਕਰਾਸ ਕਾਲਜ, ਮਣਪਰਾਈ ਕੈਂਪੀਅਨ ਸਕੂਲ, ਸੰਮਥ ਸਕੂਲ, ਆਰਕੋਟ ਸਕੂਲ, ਆਚਾਰੀਆ ਸਕੂਲ, ਕੰਪਨ ਸਕੂਲ, ਸੇਂਟ ਐਨੀਜ਼ ਸਕੂਲ ਅਤੇ ਰਾਜਮ ਪਬਲਿਕ ਸਕੂਲ ਸ਼ਾਮਲ ਹਨ। ਤਲਾਸ਼ੀ ਲੈਣ ਤੋਂ ਬਾਅਦ ਪੁਲਸ ਨੇ ਪੁਸ਼ਟੀ ਕੀਤੀ ਕਿ ਧਮਕੀ ਇਕ ਅਫਵਾਹ ਸੀ ਅਤੇ ਕੋਈ ਬੰਬ ਨਹੀਂ ਮਿਲਿਆ।