ਜੰਮੂ ਕਸ਼ਮੀਰ : ਕੁਲਗਾਮ ''ਚ ਇਮਾਮ ਦੀਆਂ ਜੁੜਵਾਂ ਧੀਆਂ ਨੇ ਪਾਸ ਕੀਤੀ ''ਨੀਟ''

Wednesday, Jun 14, 2023 - 03:10 PM (IST)

ਜੰਮੂ ਕਸ਼ਮੀਰ : ਕੁਲਗਾਮ ''ਚ ਇਮਾਮ ਦੀਆਂ ਜੁੜਵਾਂ ਧੀਆਂ ਨੇ ਪਾਸ ਕੀਤੀ ''ਨੀਟ''

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਇਕ ਇਮਾਮ ਦੀਆਂ ਜੁੜਵਾਂ ਧੀਆਂ ਨੇ ਅੰਡਰ ਗਰੈਜੂਏਟ ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) 'ਚ ਕਵਾਲੀਫਾਈ ਕੀਤਾ ਹੈ, ਜਿਸ ਕਾਰਨ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਨੀਟ ਦਾ ਨਤੀਜਾ ਮੰਗਲਵਾਰ ਨੂੰ ਐਲਾਨ ਕੀਤਾ ਗਿਆ। ਵਿਦਿਆਰਥਣਾਂ ਨੇ ਪਹਿਲੀ ਹੀ ਕੋਸ਼ਿਸ਼ 'ਚ ਪ੍ਰੀਖਿਆ ਪਾਸ ਕੀਤੀ। ਦੱਖਣ ਕਸ਼ਮੀਰ ਜ਼ਿਲ੍ਹੇ ਦੇ ਨੂਰਾਬਾਦ ਖੇਤਰ ਦੇ ਵਾਟੂ ਪਿੰਡ ਵਾਸੀ ਸਈਅਦ ਸਬੀਆ ਅਤੇ ਸਈਅਦ ਬਿਸਮਾਹ ਨੇ ਮੈਡੀਕਲ ਕਾਲਜਾਂ ਦੀ ਪ੍ਰਵੇਸ਼ ਪ੍ਰੀਖਿਆ 'ਚ 625 ਅਤੇ 570 ਅੰਕ ਹਾਸਲ ਕੀਤੇ। ਨਤੀਜੇ ਆਉਣ ਦੇ ਬਾਅਦ ਉਨ੍ਹਾਂ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਰਿਸ਼ਤੇਦਾਰ, ਗੁਆਂਢੀ ਅਤੇ ਸ਼ੁਭਚਿੰਤਕ ਜੁੜਵਾਂ ਧੀਆਂ ਦੀ ਉਪਲੱਬਧੀ 'ਤੇ ਪਰਿਵਾਰ ਨੂੰ ਵਧਾਈ ਦੇਣ ਲਈ ਆ ਰਹੇ ਹਨ।

ਕੁੜੀਆਂ ਨੇ ਆਪਣੀ ਸਫ਼ਲਤਾ ਦਾ ਕਾਰਨ ਆਪਣੇ ਪਰਿਵਾਰ ਦੇ ਮੈਂਬਰਾਂ, ਅਧਿਆਪਕਾਂ ਅਤੇ ਸਹਾਇਕ ਗੁਆਂਢੀਆਂ ਦੀ ਭੂਮਿਕਾ ਨੂੰ ਦੱਸਿਆ ਹੈ। ਸਾਬੀਆ ਨੇ ਕਿਹਾ,''ਬਚਪਨ ਤੋਂ ਹੀ ਸਾਡੇ ਮਾਤਾ-ਪਿਤਾ ਨੇ ਸਾਡਾ ਬਹੁਤ ਸਾਥ ਦਿੱਤਾ। ਸਾਡੇ ਖੇਤਰ ਦੇ ਲੋਕਾਂ ਨੇ ਵੀ ਸਾਡਾ ਮਨੋਬਲ ਵਧਾਇਆ। ਮੇਰੀ ਸਫ਼ਲਤਾ 'ਚ ਸਾਰਿਆਂ ਦੀ ਭੂਮਿਕਾ ਰਹੀ।'' ਸਬੀਆ, ਜਿਸ ਨੇ ਇਕ ਨਿੱਜੀ ਸਕੂਲ 'ਚ ਸ਼ਾਮਲ ਹੋਣ ਤੋਂ ਪਹਿਲਾਂ ਜਮਾਤ 3 ਤੱਕ ਇਕ ਸਥਾਨਕ ਇਸਲਾਮਿਕ ਮਾਡਲ ਸਕੂਲ 'ਚ ਪੜ੍ਹਾਈ ਕੀਤੀ ਨੇ ਕਿਹਾ ਕਿ ਉਸ ਦੇ ਸਕੂਲ ਦੇ ਦਿਨਾਂ 'ਚ ਉਸ ਦੇ ਅਧਿਆਪਕਾਂ ਨੇ ਭਰੋਸਾ ਦਿਵਾਇਆ ਕਿ ਉਹ ਜੀਵਨ 'ਚ ਕੁਝ ਵੱਡਾ ਕਰ ਸਕਦੀ ਹੈ। ਉਸ ਨੇ ਕਿਹਾ,''ਆਪਣੇ ਅਧਿਆਪਕਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਕਾਰਨ ਮੈਂ ਡਾਕਟਰ ਜਾਂ ਆਈ.ਏ.ਐੱਸ. (ਭਾਰਤੀ ਪ੍ਰਸ਼ਾਸਨਿਕ ਸੇਵਾ) ਅਧਿਕਾਰੀ ਬਣਨ ਅਤੇ ਜੀਵਨ 'ਚ ਕੁਝ ਵੱਡਾ ਕਰਨ ਦਾ ਸਫ਼ਨਾ ਦੇਖਿਆ।'' ਬਿਸਮਾਹ ਨੇ ਕਿਹਾ ਕਿ ਦੋਵੇਂ ਭੈਣਾਂ ਨੀਟ ਦੇ ਨਤੀਜੇ ਆਉਣ ਤੋਂ ਪਹਿਲਾਂ ਘਬਰਾਈਆਂ ਹੋਈਆਂ ਸਨ। ਅਸੀਂ ਬਹੁਤ ਖੁਸ਼ ਹਾਂ ਕਿ ਨਤੀਜੇ ਚੰਗੇ ਹਨ। ਅਸੀਂ ਇਸ ਲਈ ਭਗਵਾਨ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡਾ ਪੂਰਾ ਪਰਿਵਾਰ ਖੁਸ਼ ਹੈ। ਬਿਸਮਾਹ ਨੇ ਕਿਹਾ ਕਿ ਉਹ ਪੜ੍ਹਾਈ ਦੌਰਾਨ ਇਕ-ਦੂਜੇ ਦੀ ਬਹੁਤ ਮਦਦ ਕਰਦੀਆਂ ਸੀ।


author

DIsha

Content Editor

Related News