ਜੈੱਟ ਏਅਰਵੇਜ਼ ਨੂੰ ਬੇਲ ਆਊਟ 'ਤੇ ਮਾਲਿਆ ਦਾ ਟਵੀਟ

03/26/2019 12:29:30 PM

ਨਵੀਂ ਦਿੱਲੀ — ਭਾਰਤ ਦਾ ਕਰੀਬ 9,000 ਕਰੋੜ ਰੁਪਏ ਲੈ ਕੇ ਦੇਸ਼ 'ਚੋਂ ਭੱਜੇ 62 ਸਾਲ ਦੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਮੰਗਲਵਾਰ ਨੂੰ ਸਰਕਾਰ 'ਤੇ ਦੋਸ਼ ਲਗਾਇਆ ਹੈ । ਮਾਲਿਆ ਨੇ PSU ਬੈਂਕ ਵਲੋਂ ਜੈੱਟ ਨੂੰ ਦਿੱਤੀ ਜਾਣ ਵਾਲੀ ਮਦਦ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਮਾਲਿਆ ਦਾ ਕਹਿਣਾ ਹੈ ਕਿ ਇਹ ਸਭ ਕਿੰਗਫਿਸ਼ਰ ਲਈ ਵੀ ਹੋਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਸਰਕਾਰ ਦੇ ਐਲਾਨ ਤੋਂ ਬਾਅਦ ਜੈੱਟ ਏਅਰਵੇਜ਼ ਨੂੰ ਡੁੱਬਣ ਤੋਂ ਬਚਾਉਣ ਲਈ 1500 ਕਰੋੜ ਰੁਪਏ ਦੀ ਪੂੰਜੀ ਲਗਾਉਣ ਦਾ ਐਲਾਨ ਕੀਤਾ ਗਿਆ ਹੈ।

ਵਿਜੇ ਮਾਲਿਆ ਨੇ ਭਾਰਤੀ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸਦਾ ਪੈਸਾ ਲੈ ਕੇ ਕਰਜ਼ੇ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ਼ ਨੂੰ ਬਚਾ ਲੈਣ। ਮਾਲਿਆ ਨੇ ਇਕ ਤੋਂ ਬਾਅਦ ਇਕ ਟਵੀਟ ਕਰਦੇ ਹੋਏ ਜੈੱਟ ਏਅਰਵੇਜ਼ ਨੂੰ ਬਚਾਉਣ ਦਾ ਆਫਰ ਦਿੱਤਾ ਹੈ ਅਤੇ ਨਾਲ ਹੀ ਸਰਕਾਰ 'ਤੇ ਦੋਹਰੇ ਮਾਪਦੰਡ ਦਾ ਦੋਸ਼ ਲਗਾਇਆ ਹੈ।

 
 

ਮਾਲਿਆ ਨੇ ਇਕ ਹੋਰ ਟਵੀਟ ਰਾਹੀਂ ਕਿਹਾ,'ਭਾਜਪਾ ਬੁਲਾਰੇ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖੀਆਂ ਮੇਰੀਆਂ ਚਿੱਠੀਆਂ ਨੂੰ ਪੜ੍ਹਿਆ ਅਤੇ ਦੋਸ਼ ਲਗਾਇਆ ਕਿ ਯੂ.ਪੀ.ਏ. ਸਰਕਾਰ ਦੇ ਤਹਿਤ ਪੀ.ਐਸ.ਯੂ. ਬੈਂਕਾਂ ਨੇ ਕਿੰਗਫਿਸ਼ਰ ਏਅਰਲਾਈਨ ਦਾ ਗਲਤ ਸਮਰਥਨ ਕੀਤਾ ਸੀ। ਮੀਡੀਆ ਨੇ ਮੈਨੂੰ ਵਰਤਮਾਨ ਪ੍ਰਧਾਨ ਮੰਤਰੀ ਨੂੰ ਲਿਖਣ ਲਈ ਉਕਸਾਇਆ। ਮੈਨੂੰ ਹੈਰਾਨੀ ਹੈ ਕਿ ਐਨ.ਡੀ.ਏ. ਸਰਕਾਰ ਵਿਚ ਹੁਣ ਕੀ ਬਦਲ ਗਿਆ ਹੈ।'

 

ਇਕ ਹੋਰ ਟਵੀਟ ਵਿਚ ਉਸਨੇ ਕਿਹਾ ਕਿ ਸਰਕਾਰ ਦੋਹਰਾ ਮਾਪਦੰਡ ਰੱਖਦੀ ਹੈ, ਆਖਿਰ ਹੁਣ ਕੀ ਬਦਲ ਗਿਆ ਹੈ।
ਮਾਲਿਆ ਨੇ ਟਵੀਟ ਰਾਹੀਂ ਕਿਹਾ,'ਇਹ ਦੇਖ ਕੇ ਖੁਸ਼ੀ ਹੋਈ ਕਿ PSU ਬੈਂਕ ਨੇ ਜੈੱਟ ਏਅਰਵੇਜ਼ ਵਿਚ ਨੌਕਰੀ, ਕਨੈਕਟੀਵਿਟੀ ਅਤੇ ਉੱਦਮ ਨੂੰ ਬਚਾਉਣ ਲਈ ਬੇਲ ਆਊਟ ਦਿੱਤਾ ਹੈ। ਸਿਰਫ ਇਹ ਹੀ ਇੱਛਾ ਕਿੰਗਫਿਸ਼ਰ ਲਈ ਕੀਤੀ ਗਈ ਸੀ।'

ਕਿੰਗਫਿਸ਼ਰ ਨੂੰ ਲੈ ਕੇ ਇਕ ਹੋਰ ਟਵੀਟ ਵਿਚ ਮਾਲਿਆ ਨੇ ਕਿਹਾ,'ਮੈਂ ਕੰਪਨੀ ਅਤੇ ਉਸਦੇ ਕਰਮਚਾਰੀਆਂ ਨੂੰ ਬਚਾਉਣ ਲਈ ਕਿੰਗਫਿਸ਼ਰ ਏਅਰਲਾਈਨ 'ਚ 4 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ। ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਇਨ੍ਹਾਂ ਹੀ PSU ਬੈਂਕਾਂ ਨੇ ਭਾਰਤ ਦੇ ਬਿਹਤਰੀਨ ਕਰਮਚਾਰੀਆਂ ਅਤੇ ਕਨੈਕਟਿਵਿਟੀ ਦੇ ਨਾਲ ਬਿਹਤਰੀਨ ਏਅਰਲਾਈਨ ਨੂੰ ਬੇਰਹਿਮੀ ਨਾਲ ਢਾਹ ਦਿੱਤਾ। ਐਨ.ਡੀ.ਏ. ਸਰਕਾਰ ਵਿਚ ਦੋਹਰਾ ਮਾਪਦੰਡ।'


Related News