ਭਾਰਤ ਦੇ ਅਕਸ ਨੂੰ ਖਰਾਬ ਕਰਨ ਲਈ ਤੁਰਕੀ ਨੇ ਰਚੀ ਵੱਡੀ ਸਾਜਿਸ਼

Wednesday, Sep 16, 2020 - 06:35 PM (IST)

ਭਾਰਤ ਦੇ ਅਕਸ ਨੂੰ ਖਰਾਬ ਕਰਨ ਲਈ ਤੁਰਕੀ ਨੇ ਰਚੀ ਵੱਡੀ ਸਾਜਿਸ਼

ਨਵੀਂ ਦਿੱਲੀ— ਤੁਰਕੀ ਵਿਚ ਭਾਰਤ ਖ਼ਿਲਾਫ਼ ਵੱਡੀ ਸਾਜਿਸ਼ ਰਚੀ ਜਾ ਰਹੀ ਹੈ। ਤੁਰਕੀ ਸਰਕਾਰ ਕਸ਼ਮੀਰੀ ਵੱਖਵਾਦੀਆਂ ਨੂੰ ਆਪਣੀ ਮੀਡੀਆ 'ਚ ਥਾਂ ਦੇ ਰਹੀ ਹੈ, ਤਾਂ ਕਿ ਦੁਨੀਆ ਸਾਹਮਣੇ ਭਾਰਤ ਦੇ ਅਕਸ ਨੂੰ ਖਰਾਬ ਕੀਤਾ ਜਾ ਸਕੇ, ਝੂਠ ਫੈਲਾਇਆ ਜਾ ਸਕੇ। 15 ਅਗਸਤ ਨੂੰ ਤੁਰਕੀ ਮੀਡੀਆ 'ਚ ਪ੍ਰਕਾਸ਼ਿਤ ਇਕ ਵਿਵਾਦਪੂਰਨ ਲੇਖ ਇਸੇ ਸਾਜਿਸ਼ ਦਾ ਹਿੱਸਾ ਸੀ। ਇਸ ਲੇਖ ਨੂੰ ਵੱਖਵਾਦੀ ਨੇਤਾ ਅਲਤਾਫ ਅਹਿਮਦ ਸ਼ਾਹ ਦੀ ਧੀ ਰੂਆ ਸ਼ਾਹ ਨੇ ਲਿਖਿਆ ਸੀ। 

ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ 2017 'ਚ ਦਰਜ ਇਕ ਮਾਮਲੇ ਵਿਚ ਰੂਆ ਨੂੰ ਅੱਤਵਾਦੀ ਫੰਡਿੰਗ ਦਾ ਦੋਸ਼ੀ ਬਣਾਇਆ ਸੀ। ਉਨ੍ਹਾਂ ਨੇ ਆਪਣੇ ਲੇਖ ਵਿਚ ਕਸ਼ਮੀਰ ਤੋਂ ਦੂਰ ਰਹਿਣ ਵਾਲਿਆਂ ਦੇ ਦੁੱਖ ਦੇ ਨਾਮ 'ਤੇ ਭਾਰਤ ਦੇ ਅਕਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਲੇਖ ਵਿਚ ਕਿਹਾ ਗਿਆ ਕਿ ਕਸ਼ਮੀਰ ਦੇ ਬੱਚੇ ਕਦੇ ਆਮ ਜ਼ਿੰਦਗੀ ਨਹੀਂ ਜੀ ਸਕਦੇ। ਐੱਨ. ਆਈ. ਏ. ਜਾਂਚ ਮੁਤਾਬਕ ਵੱਖਵਾਦੀ ਨੇਤਾ ਅਲਤਾਫ ਅਹਿਮਦ ਸ਼ਾਹ ਕਸ਼ਮੀਰ ਘਾਟੀ ਵਿਚ ਸੁਰੱਖਿਆ ਦਸਤਿਆਂ 'ਤੇ ਪਥਰਾਅ, ਸਕੂਲਾਂ ਨੂੰ ਸਾੜਨ, ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਜੰਗ ਛੇੜਨ ਵਰਗੀਆਂ ਅੱਤਵਾਦੀ ਗਤੀਵਿਧੀਆਂ ਲਈ ਹਵਾਲਾ ਜ਼ਰੀਏ ਪੈਸਾ ਇਕੱਠਾ ਕਰਦਾ ਸੀ।

ਸਿਰਫ ਕਸ਼ਮੀਰੀ ਵੱਖਵਾਦੀ ਹੀ ਨਹੀਂ, ਸਥਾਨਕ ਮੀਡੀਆ 'ਚ ਪਾਕਿਸਤਾਨੀ ਪੱਤਰਕਾਰਾਂ ਨੂੰ ਵੀ ਭਰਤੀ ਕੀਤਾ ਜਾ ਰਿਹਾ ਹੈ। ਇਹ ਸਭ ਕੁਝ  ਰਾਸ਼ਟਰਪਤੀ ਰੇਚੇਪ ਤਾਈਪਾ ਅਰਦੋਗਨ ਦੇ ਇਸ਼ਾਰੇ 'ਤੇ ਹੋ ਰਿਹਾ ਹੈ। ਉਹ ਘਰੇਲੂ ਰਾਜਨੀਤੀ ਵਿਚ ਕੱਟੜ ਇਸਲਾਮਿਕ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਇਸ ਲਈ ਮੀਡੀਆ 'ਚ ਅੱਤਵਾਦੀ ਝੁਕਾਅ ਵਾਲੇ ਪਾਕਿਸਤਾਨੀ ਪੱਤਰਕਾਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਪੱਤਰਕਾਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਰਦੋਗਨ ਦੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਤੋਂ ਇਲਾਵਾ ਕੌਮਾਂਤਰੀ ਮੰਚ 'ਤੇ ਭਾਰਤ ਦੇ ਅਕਸ ਨੂੰ ਕਿਵੇਂ ਖਰਾਬ ਕੀਤਾ ਜਾ ਸਕਦਾ ਹੈ। 

ਵਿਸ਼ੇਸ਼ ਰੂਪ ਨਾਲ ਦੋ ਸਭ ਤੋਂ ਪ੍ਰਮੁੱਖ ਇੰਟਰਨੈਸ਼ਨਲ ਨਿਊਜ਼ ਪਲੇਟਫਾਰਮ 'ਚ ਪਾਕਿਸਤਾਨੀ ਪੱਤਰਕਾਰਾਂ ਦਾ ਦਖ਼ਲ ਵਧਿਆ ਹੈ। ਕੁਝ ਮਾਹਰਾਂ ਮੁਤਾਬਕ ਅਨਾਦੋਲੂ ਏਜੰਸੀ ਅਤੇ ਤੁਰਕੀ ਮੀਡੀਆ ਦੀ ਟੀ. ਆਰ. ਪੀ. 'ਚ ਪਹਿਲਾਂ ਅਮਰੀਕੀ ਅਤੇ ਬ੍ਰਿਟਿਸ਼ ਪੱਤਰਕਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ ਪਰ ਜਿਵੇਂ ਹੀ ਅਰਦੋਗਨ ਨੇ ਘਰੇਲੂ ਮੋਰਚੇ 'ਤੇ ਕਟੜਪੰਥ ਨੂੰ ਹੱਲਾ-ਸ਼ੇਰੀ ਦੇਣ ਅਤੇ ਕੌਮਾਂਤਰੀ ਪੱਧਰ 'ਤੇ ਇਸਲਾਮ ਨੂੰ ਅੱਗੇ ਵਧਾਉਣ ਦਾ ਕੰਮ ਸ਼ੁਰੂ ਕੀਤਾ, ਤਾਂ ਪਾਕਿਸਤਾਨੀ ਪੱਤਰਕਾਰਾਂ ਦੀ ਭਰਤੀ ਵਿਚ ਤੇਜ਼ੀ ਆਈ। ਮੌਜੂਦਾ ਸਮੇਂ  'ਚ ਅਨਾਦੋਲੂ ਏਜੰਸੀ 'ਚ 11 ਕਾਪੀ ਐਡੀਟਰਾਂ 'ਚੋਂ 5 ਪਾਕਿਸਤਾਨੀ ਹਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ।


author

Tanu

Content Editor

Related News