ਢਹਿ-ਢੇਰੀ ਹੋਇਆ ਸੁਰੰਗ ਦਾ ਉੱਪਰੀ ਹਿੱਸਾ, ਮੌਕੇ ''ਤੇ ਮਚੀ ਹਫੜਾ-ਦਫੜੀ (ਵੇਖੋ ਵੀਡੀਓ)
Sunday, Jul 06, 2025 - 04:26 PM (IST)

ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਇਕ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਇਕ ਉਸਾਰੀ ਅਧੀਨ ਸੁਰੰਗ ਦਾ ਉੱਪਰੀ ਹਿੱਸਾ ਢਹਿ-ਢੇਰੀ ਹੋ ਗਿਆ।। ਇਸ ਹਾਦਸੇ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਦਰਅਸਲ ਮੰਡੀ ਜ਼ਿਲ੍ਹੇ ਦੇ ਬਿਜਨੀ ਵਿਚ ਬਣ ਰਹੀ ਸੁਰੰਗਦਾ ਉੱਪਰੀ ਹਿੱਸਾ ਭਾਰੀ ਮੀਂਹ ਅਤੇ ਮਿੱਟੀ ਧੱਸਣ ਕਾਰਨ ਡਿੱਗ ਗਿਆ। ਦੱਸ ਦੇਈਏ ਹਿਮਾਚਲ ਪ੍ਰਦੇਸ਼ ਵਿਚ ਕਈ ਥਾਈਂ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਹਾਦਸੇ ਦੀ ਜਾਣਕਾਰੀ:
ਸੂਤਰਾਂ ਮੁਤਾਬਕ ਇਹ ਸੁਰੰਗ ਇਕ ਨਵੀਂ ਹਾਈਵੇਅ ਪ੍ਰਾਜੈਕਟ ਲਈ ਬਣਾਈ ਜਾ ਰਹੀ ਸੀ। ਅਚਾਨਕ ਮਿੱਟੀ ਦੀ ਧੱਸਣ ਕਾਰਨ ਸੁਰੰਗ ਦਾ ਇਕ ਹਿੱਸਾ ਢਹਿ ਗਿਆ। ਹਾਦਸੇ ਮਗਰੋਂ ਲੋਕ ਮੌਕੇ ਤੋਂ ਦੌੜੇ, ਲੋਕਾਂ ਦੀ ਜਾਨ 'ਤੇ ਬਣ ਆਈ। ਹਾਲਾਂਕਿ ਗਨੀਮਤ ਇਹ ਰਹੀ ਕਿ ਹੇਠਾਂ ਜੋ ਲੋਕ ਖੜ੍ਹੇ ਸਨ, ਉਹ ਸੁਰੱਖਿਅਤ ਹਨ।
ਬਚਾਅ ਕਾਰਜ ਜਾਰੀ:
ਐੱਨ.ਡੀ.ਆਰ.ਐੱਫ਼, ਸਥਾਨਕ ਪੁਲੀਸ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਮਸ਼ੀਨਰੀ ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਓਧਰ ਇਲਾਕੇ ਦੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਨਿਰਮਾਣ ਕੰਪਨੀ ਵਲੋਂ ਸੁਰੱਖਿਆ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਨਿਰਮਾਣ ਦੀ ਰਫ਼ਤਾਰ ਵਧਾਉਣ ਲਈ ਕਈ ਟੈਕਨੀਕਲ ਮਾਪਦੰਡਾਂ ਦੀ ਅਣਦੇਖੀ ਕੀਤੀ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।