ਵੱਡਾ ਹਾਦਸਾ; ਐਂਬੂਲੈਂਸ ''ਤੇ ਪਲਟਿਆ ਬਜਰੀ ਨਾਲ ਭਰਿਆ ਟਰੱਕ, ਗਰਭਵਤੀ ਔਰਤ ਸਮੇਤ 4 ਦੀ ਮੌਤ
Saturday, Apr 26, 2025 - 06:09 PM (IST)

ਮਿਰਜ਼ਾਪੁਰ- ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਦੇ ਅਹਰੋੜਾ ਥਾਣਾ ਖੇਤਰ ਦੇ ਛੱਤੋ ਤ੍ਰਿਮੋਹਨੀ ਨੇੜੇ ਸ਼ਨੀਵਾਰ ਨੂੰ ਬਜਰੀ ਨਾਲ ਭਰਿਆ ਇਕ ਟਰੱਕ ਐਂਬੂਲੈਂਸ 'ਤੇ ਪਲਟ ਗਿਆ, ਜਿਸ ਕਾਰਨ ਐਂਬੂਲੈਂਸ ਵਿਚ ਸਵਾਰ ਇਕ ਗਰਭਵਤੀ ਔਰਤ ਅਤੇ ਉਸਦੀ ਮਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਐਂਬੂਲੈਂਸ ਸੋਨਭੱਦਰ ਤੋਂ ਇਕ ਔਰਤ ਨੂੰ ਵਾਰਾਣਸੀ ਡਿਲਿਵਰੀ ਲਈ ਲੈ ਕੇ ਜਾ ਰਹੀ ਸੀ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ।
ਡਿਪਟੀ ਸੁਪਰਡੈਂਟ ਆਫ਼ ਪੁਲਸ ਮੰਜਰੀ ਰਾਓ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੋਨਭੱਦਰ ਜ਼ਿਲ੍ਹੇ ਦੇ ਓਬਰਾ ਥਾਣਾ ਖੇਤਰ ਦੇ ਕਨਹਾਰਾ ਪਿੰਡ ਦੀਆਂ ਰਹਿਣ ਵਾਲੀਆਂ ਸੂਰਜਬਲੀ ਖਰਵਾਰ (26) ਅਤੇ ਹੀਰਾਵਤੀ ਦੇਵੀ (25) ਅਤੇ ਜੁਗੈਲ ਥਾਣਾ ਖੇਤਰ ਦੇ ਜੁਗੈਲ ਕੋਠੀ ਦੀ ਰਹਿਣ ਵਾਲੀ ਮਾਲਤੀ ਦੇਵੀ (45) ਇਕ ਨਿੱਜੀ ਐਂਬੂਲੈਂਸ ਤੋਂ ਗਰਭਵਤੀ ਹੀਰਾਵਤੀ ਦੀ ਡਿਲਿਵਰੀ ਲਈ ਜਾ ਰਹੀਆਂ ਸਨ। ਗਰਭਵਤੀ ਔਰਤ ਦੀ ਮਾਂ ਮਾਲਤੀ ਦੇਵੀ, ਪਤੀ ਕੌਸ਼ਲ ਅਤੇ ਰਿਸ਼ਤੇਦਾਰ ਸੂਰਜ ਵਾਰਾਣਸੀ ਦੇ ਇਕ ਹਸਪਤਾਲ ਜਾ ਰਹੇ ਸਨ। ਐਂਬੂਲੈਂਸ ਵਾਰਾਣਸੀ ਸੋਨਭੱਦਰ ਹਾਈਵੇਅ 'ਤੇ ਛੱਤੋ ਤ੍ਰਿਮੋਹਨੀ ਨੇੜੇ ਓਵਰਟੇਕ ਕਰ ਕੇ ਅੱਗੇ ਵਧ ਰਹੀ ਸੀ।
ਅਚਾਨਕ ਬਜਰੀ ਨਾਲ ਭਰਿਆ ਟਰੱਕ ਸੰਤੁਲਨ ਗੁਆ ਬੈਠਾ ਅਤੇ ਐਂਬੂਲੈਂਸ 'ਤੇ ਡਿੱਗ ਪਿਆ, ਜਿਸ ਨਾਲ ਉਹ ਦੱਬੀ ਗਈ। ਸਥਾਨਕ ਲੋਕਾਂ ਵੱਲੋਂ ਸੂਚਿਤ ਕਰਨ ਤੋਂ ਬਾਅਦ ਪਹੁੰਚੀ ਪੁਲਸ ਨੇ ਕਿਸੇ ਤਰ੍ਹਾਂ ਕਰੇਨ ਅਤੇ ਕਟਰ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਅਤੇ ਫਿਰ ਉਨ੍ਹਾਂ ਨੂੰ ਮੁੱਢਲੇ ਸਿਹਤ ਕੇਂਦਰ ਲੈ ਗਈ, ਜਿੱਥੇ ਡਾਕਟਰਾਂ ਨੇ ਸੂਰਜ, ਹੀਰਾਵਤੀ ਦੇਵੀ, ਮਾਲਤੀ ਅਤੇ ਐਂਬੂਲੈਂਸ ਡਰਾਈਵਰ ਰਾਮੂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਬਹੁਤ ਵੱਡਾ ਟ੍ਰੈਫਿਕ ਜਾਮ ਹੋ ਗਿਆ। ਹੀਰਾਵਤੀ ਦੇ ਪਤੀ ਕੌਸ਼ਲ ਅਤੇ ਐਂਬੂਲੈਂਸ ਸਹਾਇਕ ਭੰਡਾਰੀ ਸ਼ਰਮਾ ਜ਼ਖਮੀ ਹੋ ਗਏ। ਦੋਵਾਂ ਨੂੰ ਵਾਰਾਣਸੀ ਟਰਾਮਾ ਸੈਂਟਰ ਭੇਜਿਆ ਗਿਆ ਹੈ। ਜਿੱਥੇ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।