ਵੱਡਾ ਹਾਦਸਾ; ਰੇਤ ਨਾਲ ਭਰਿਆ ਟਰੱਕ ਮਜ਼ਦੂਰਾਂ ''ਤੇ ਪਲਟਿਆ, 4 ਲੋਕਾਂ ਦੀ ਮੌਤ
Sunday, Feb 09, 2025 - 09:52 AM (IST)

ਪਾਲਨਪੁਰ- ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ 'ਚ ਰੇਤ ਨਾਲ ਭਰਿਆ ਇਕ ਡੰਪਰ ਟਰੱਕ ਪਲਟ ਗਿਆ ਅਤੇ ਮਜ਼ਦੂਰਾਂ ਦੇ ਇਕ ਸਮੂਹ ਉੱਤੇ ਡਿੱਗ ਗਿਆ, ਜਿਸ 'ਚ ਤਿੰਨ ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਜ਼ਿਲ੍ਹੇ ਦੇ ਖੇਗਰਪੁਰਾ ਪਿੰਡ 'ਚ ਉਸ ਸਮੇਂ ਵਾਪਰੀ ਜਦੋਂ ਉਥੇ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ।
ਉਪ ਪੁਲਸ ਕਪਤਾਨ ਐਸ.ਐਮ. ਵਰੋਤਰੀਆ ਨੇ ਦੱਸਿਆ ਕਿ ਡੰਪਰ ਤੰਗ ਰਸਤੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇਹ ਸੜਕ ਨਿਰਮਾਣ ਦੇ ਕੰਮ ਵਿਚ ਲੱਗੇ ਮਜ਼ਦੂਰਾਂ ਦੇ ਇਕ ਸਮੂਹ 'ਤੇ ਪਲਟ ਗਿਆ। ਅਧਿਕਾਰੀਆਂ ਮੁਤਾਬਕ ਕ੍ਰੇਨ ਅਤੇ ਬੁਲਡੋਜ਼ਰ ਦੀ ਮਦਦ ਨਾਲ ਟਰੱਕ ਹੇਠਾਂ ਫਸੀਆਂ ਔਰਤਾਂ ਅਤੇ ਬੱਚਿਆਂ ਨੂੰ ਕੱਢਣ 'ਚ ਕਰੀਬ ਦੋ ਘੰਟੇ ਦਾ ਸਮਾਂ ਲੱਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਚਾਰਾਂ ਲੋਕਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸਰਕਾਰੀ ਹਸਪਤਾਲ ਦੇ ਮੈਡੀਕਲ ਅਫਸਰ ਜੈਦੀਪ ਤ੍ਰਿਵੇਦੀ ਨੇ ਦੱਸਿਆ ਕਿ ਜਦੋਂ ਤੱਕ 4 ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਰੇਣੁਕਾਬੇਨ ਗਨਵਾ (24), ਸੋਨਲਬੇਨ ਨਿਨਾਮਾ (22), ਇਲਾਬੇਨ ਭਾਭੋਰ (40) ਅਤੇ ਰੁਦਰ (2) ਵਜੋਂ ਹੋਈ ਹੈ।