ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ ਨੇ ਦਿੱਤਾ ਅਸਤੀਫ਼ਾ, ਕਿਹਾ- ਪਾਰਟੀ ਦਾ ਫ਼ੈਸਲਾ ਸਭ ਤੋਂ ਉੱਪਰ
Saturday, May 14, 2022 - 04:45 PM (IST)
ਅਗਰਤਲਾ– ਉੱਤਰ-ਪੂਰਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਨੇ ਸ਼ਨੀਵਾਰ ਯਾਨੀ ਕਿ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੇਬ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਸਤਿਅਦੇਵ ਨਾਰਾਇਣ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਰਾਜਧਾਨੀ ਅਗਰਤਲਾ ’ਚ ਅਗਲੇ ਮੁੱਖ ਮੰਤਰੀ ਦੇ ਨਾਂ ’ਤੇ ਹੀ ਮੋਹਰ ਲੱਗੇਗੀ, ਇਸ ਲਈ ਵਿਧਾਇਕਾਂ ਦੀ ਅੱਜ ਸ਼ਾਮ ਬੈਠਕ ਹੋਵੇਗੀ। ਅਸਤੀਫ਼ਾ ਦੇਣ ਮਗਰੋਂ ਦੇਵ ਨੇ ਕਿਹਾ, ‘‘ਉਨ੍ਹਾਂ ਲਈ ਪਾਰਟੀ ਦਾ ਫ਼ੈਸਲਾ ਸਭ ਤੋਂ ਉੱਪਰ ਹੈ। ਆਲਾਕਮਾਨ ਦੇ ਕਹਿਣ ’ਤੇ ਉਨ੍ਹਾਂ ਨੇ ਆਪਣਾ ਅਹੁਦਾ ਛੱਡਿਆ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਨਿਰਦੇਸ਼ਨ ਵਿਚ ਪਾਰਟੀ ਲਈ ਕੰਮ ਕੀਤਾ ਹੈ। ਮੈਂ ਤ੍ਰਿਪੁਰਾ ਦੇ ਮੁਖੀ ਦੇ ਤੌਰ 'ਤੇ ਲੋਕਾਂ ਨਾਲ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਦੀ ਸੂਬਾ ਇਕਾਈ ਅਤੇ ਮੁੱਖ ਮੰਤਰੀ ਵਜੋਂ ਮੈਂ ਸ਼ਾਂਤੀ, ਵਿਕਾਸ ਅਤੇ ਸੂਬੇ ਨੂੰ ਕੋਵਿਡ-19ਸੰਕਟ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ।"
ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ, "ਹਰ ਚੀਜ਼ ਦੀ ਇਕ ਸਮਾਂ ਸੀਮਾ ਹੁੰਦੀ ਹੈ। ਅਸੀਂ ਉਸ ਸਮਾਂ ਸੀਮਾ ’ਚ ਕੰਮ ਕਰਦੇ ਹਾਂ। ਮੈਨੂੰ ਜਿੱਥੇ ਵੀ ਭੇਜਿਆ ਜਾਂਦਾ ਹੈ, ਭਾਵੇਂ ਇਹ ਸੀ. ਐਮ ਜਾਂ ਕੋਈ ਹੋਰ ਅਹੁਦਾ ਹੋਵੇ, ਬਿਪਲਬ ਦੇਬ ਹਰ ਜਗ੍ਹਾ ਫਿੱਟ ਹੋ ਸਕਦੇ ਹਨ।" ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਸ ਸਵਾਲ ਦਾ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਬਿਪਲਬ ਕੁਮਾਰ ਦੇਬ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਇਕ ਦਿਨ ਬਾਅਦ ਅਸਤੀਫ਼ਾ ਦਿੱਤਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦੇ ਅਸਤੀਫੇ ਦਾ ਫੈਸਲਾ ਭਾਜਪਾ ਦੀ ਲੀਡਰਸ਼ਿਪ ਨੇ ਲਿਆ ਹੈ।
ਦੱਸ ਦੇਈਏ ਕਿ ਦੇਬ ਨੂੰ ਲੈ ਕੇ ਸੰਗਠਨ ’ਚ ਨਾਰਾਜ਼ਗੀ ਚੱਲ ਰਹੀ ਹੈ। ਦੋ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਗਲੇ ਸਾਲ 2023 ’ਚ ਤ੍ਰਿਪੁਰਾ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।