ਤਿੰਨ ਤਲਾਕ ਬਿੱਲ ''ਤੇ ਚਰਚਾ ਗਰਮ, ਸੰਸਦ ਮੈਂਬਰ ਬੋਲੇ- ''ਸਮਾਜ ਸਿਰਫ ਕਾਨੂੰਨ ਨਾਲ ਨਹੀਂ ਚੱਲਦਾ''

Thursday, Jul 25, 2019 - 05:08 PM (IST)

ਤਿੰਨ ਤਲਾਕ ਬਿੱਲ ''ਤੇ ਚਰਚਾ ਗਰਮ, ਸੰਸਦ ਮੈਂਬਰ ਬੋਲੇ- ''ਸਮਾਜ ਸਿਰਫ ਕਾਨੂੰਨ ਨਾਲ ਨਹੀਂ ਚੱਲਦਾ''

ਨਵੀਂ ਦਿੱਲੀ— 'ਤਿੰਨ ਤਲਾਕ' ਬਿੱਲ ਨੂੰ ਕਈ ਵਾਰ ਸੰਸਦ 'ਚ ਪਾਸ ਕਰਾਉਣ 'ਚ ਅਸਫਲ ਰਹਿਣ ਤੋਂ ਬਾਅਦ ਕੇਂਦਰ ਸਰਕਾਰ ਨੇ ਅੱਜ ਇਕ ਵਾਰ ਫਿਰ ਇਸ ਨੂੰ ਲੋਕ ਸਭਾ 'ਚ ਪੇਸ਼ ਕੀਤਾ ਹੈ। ਇਸ ਬਿੱਲ ਨੂੰ ਗੈਰ ਕਾਨੂੰਨੀ ਦੱਸਦੇ ਹੋਏ 3 ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਸ਼ਾਮਲ ਹੈ। ਲੋਕ ਸਭਾ 'ਚ ਇਸ ਬਿੱਲ 'ਤੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ, 2019 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਜਨਤਾ ਦਲ ਯੂਨਾਈਟਿਡ (ਜਦ (ਯੂ) ਦੇ ਰਾਜੀਵ ਰੰਜਨ ਸਿੰਘ ਨੇ ਕਿਹਾ ਕਿ ਸਮਾਜ ਸਿਰਫ ਕਾਨੂੰਨ ਨਾਲ ਨਹੀਂ ਚੱਲਦਾ, ਰੀਤੀ-ਰਿਵਾਜ ਅਤੇ ਰਵਾਇਤਾਂ ਨਾਲ ਵੀ ਚੱਲਦਾ ਹੈ। ਸਿੰਘ ਦੇ ਭਾਸ਼ਣ ਤੋਂ ਬਾਅਦ ਜਦ (ਯੂ) ਮੈਂਬਰਾਂ ਨੇ ਬਿੱਲ 'ਤੇ ਵਿਰੋਧ ਜਤਾਉਂਦੇ ਹੋਏ ਸਦਨ ਤੋਂ ਵਾਕਆਊਟ ਕੀਤਾ। 

ਰਾਜੀਵ ਰੰਜਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 1996 ਤੋਂ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਵਿਚ ਹੈ ਅਤੇ ਅੱਜ ਵੀ ਗਠਜੋੜ ਵਿਚ ਹੈ। ਉਨ੍ਹਾਂ ਸਾਫ ਕਿਹਾ ਕਿ ਸ਼ੁਰੂਆਤ ਤੋਂ ਹੀ ਸਾਡੀ ਪਾਰਟੀ ਦੀ ਸਪੱਸ਼ਟ ਰਾਏ ਸੀ ਕਿ ਵਿਵਾਦਪੂਰਨ ਮੁੱਦਿਆਂ 'ਤੇ ਭਾਜਪਾ ਦਾ ਸਾਥ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਪਤੀ-ਪਤਨੀ ਦੇ ਸੰਬੰਧਾਂ ਨੂੰ ਕਾਨੂੰਨ ਬਣਾ ਕੇ ਤੈਅ ਨਹੀਂ ਕੀਤਾ ਜਾ ਸਕਦਾ। ਸਰਕਾਰ ਨੂੰ ਜਲਦਬਾਜ਼ੀ ਵਿਚ ਕਾਨੂੰਨ ਬਣਾਉਣ ਦੀ ਲੋੜ ਨਹੀਂ ਹੈ। ਅਜਿਹੇ ਕਾਨੂੰਨ ਦੀ ਦੁਰਵਰਤੋਂ ਹੋਵੇਗੀ, ਜਿਵੇਂ ਕਿ ਦਾਜ ਪ੍ਰਥਾ ਨੂੰ ਰੋਕਣ ਲਈ ਬਣਾਏ ਗਏ ਕਾਨੂੰਨ ਦੀ ਹੁੰਦੀ ਹੈ। ਰੰਜਨ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਜਨਾਦੇਸ਼ ਮਿਲਿਆ ਹੈ ਤਾਂ ਉਸ ਕੋਲ ਕਰਨ ਲਈ ਬਹੁਤ ਸਾਰੇ ਕੰਮ ਹਨ। ਇਸ ਤਰ੍ਹਾਂ ਦੇ ਬਿੱਲ ਚੋਣਾਂ ਤੋਂ ਪਹਿਲਾਂ ਲਿਆਏ ਜਾ ਸਕਦੇ ਹਨ। ਅਜੇ ਇਨ੍ਹਾਂ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸੇ ਭਾਈਚਾਰੇ ਵਿਸ਼ੇਸ਼ ਨਾਲ ਜੁੜੇ ਵਿਸ਼ੇ 'ਤੇ ਕਾਨੂੰਨ ਬਣਾਉਣ ਦੀ ਨਹੀਂ, ਜਨਤਾ 'ਚ ਜਾਗਰੂਕਤਾ ਲਿਆਉਣ ਦੀ ਲੋੜ ਹੈ।


author

Tanu

Content Editor

Related News