ਬਾਗਪਤ ’ਚ ਖੋਦਾਈ ਦੌਰਾਨ ਮਿਲਿਆ ਖਜ਼ਾਨਾ, ਮਹਾਭਾਰਤ ਕਾਲ ਦੇ ਮਿਲੇ ਰੱਥ ਅਤੇ ਮੁਕਟ

Wednesday, May 01, 2019 - 08:27 PM (IST)

ਬਾਗਪਤ ’ਚ ਖੋਦਾਈ ਦੌਰਾਨ ਮਿਲਿਆ ਖਜ਼ਾਨਾ, ਮਹਾਭਾਰਤ ਕਾਲ ਦੇ ਮਿਲੇ ਰੱਥ ਅਤੇ ਮੁਕਟ

ਨਵੀਂ ਦਿੱਲੀ– ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ’ਚ ਆਉਣ ਵਾਲੇ ਸਨੌਲੀ ’ਚ ਭਾਰਤੀ ਪੁਰਾਤੱਤਵ ਵਿਭਾਗ (ਆਰਕੀਓਲਾਜੀਕਲ ਸਰਵੇ ਆਫ ਇੰਡੀਆ) ਨੂੰ ਵੱਡੀ ਸਫਲਤਾ ਮਿਲੀ ਹੈ। ਇਥੇ ਜ਼ਮੀਨ ਦੇ ਹੇਠਾਂ 4000 ਸਾਲ ਪੁਰਾਣੇ ਪਵਿੱਤਰ ਕਮਰਾ, ਸ਼ਾਹੀ ਤਾਬੂਤ, ਦਾਲ-ਚੌਲ ਨਾਲ ਭਰੇ ਮਟਕੇ, ਤਲਵਾਰਾਂ, ਸੰਦ, ਮੁਕਟ ਅਤੇ ਇਨਸਾਨਾਂ ਨਾਲ ਦਫਨਾਈਆਂ ਗਈਆਂ ਜਾਨਵਰਾਂ ਦੀਆਂ ਹੱਡੀਆਂ ਮਿਲੀਆਂ ਹਨ।

ਏ. ਐੱਸ. ਆਈ. ਇੰਸਟੀਚਿਊਟ ਆਫ ਆਰਕੀਓਲਾਜੀ ਦੇ ਡਾਇਰੈਕਟਰ ਡਾ. ਐੱਸ. ਕੇ. ਮੰਜੁਲ ਦਾ ਕਹਿਣਾ ਹੈ ਕਿ ਏ. ਐੱਸ. ਆਈ. ਨੂੰ ਸਨੌਲੀ ’ਚ ਕਈ ਪ੍ਰਾਚੀਨ ਸੱਭਿਅਤਾਵਾਂ ਦੇ ਅਵਸ਼ੇਸ਼ ਮਿਲੇ ਸਨ। ਇਸ ਤੋਂ ਬਾਅਦ ਜਨਵਰੀ 2018 ’ਚ ਸਨੌਲੀ ’ਚ ਖੋਦਾਈ ਸ਼ੁਰੂ ਕੀਤੀ ਗਈ। ਉਸ ਸਮੇਂ ਇਥੋਂ ਖੋਦਾਈ ’ਚ 2 ਰੱਥ, ਸ਼ਾਹੀ ਤਾਬੂਤ, ਮੁਕਟ, ਤਲਵਾਰਾਂ, ਢਾਲ ਮਿਲੇ ਸਨ, ਜਿਸ ਤੋਂ ਇਹ ਸਾਬਤ ਹੋਇਆ ਕਿ 2 ਹਜ਼ਾਰ ਸਾਲ ਪਹਿਲਾਂ ਯੋਧਿਆਂ ਦੀ ਲੰਮੀ ਫੌਜ ਇਥੇ ਰਿਹਾ ਕਰਦੀ ਹੋਵੇਗੀ।

ਡਾ. ਐੱਸ. ਕੇ. ਮੰਜੁਲ ਦਾ ਕਹਿਣਾ ਹੈ ਕਿ ਇਸ ਵਾਰ ਸਾਨੂੰ ਖੋਦਾਈ ’ਚ ਮਿਲੇ ਅਵਸ਼ੇਸ਼ ਹੜੱਪਾ ਸੱਭਿਅਤਾ ਤੋਂ ਵੱਖ ਮਿਲੇ ਹਨ। ਇਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਹਾਲ ਹੀ ’ਚ ਮਿਲੇ ਅਵਸ਼ੇਸ਼ ਹੜੱਪਾ ਸੱਭਿਅਤਾ ਦੇ ਸਭ ਤੋਂ ਵਿਕਸਿਤ ਸਮੇਂ ਦੇ ਹਨ। ਇਸ ਨਾਲ ਇਹ ਸਮਝਣ ’ਚ ਆਸਾਨੀ ਹੋਵੇਗੀ ਕਿ ਯਮੁਨਾ ਅਤੇ ਗੰਗਾ ਦੇ ਕਿਨਾਰੇ ਕਿਹੋ ਜਿਹੀ ਸੰਸਕ੍ਰਿਤੀ ਹੋਵੇਗੀ।

ਡਾ. ਐੱਸ. ਕੇ. ਮੰਜੁਲ ਨੇ ਦੱਸਿਆ ਕਿ ਇਸ ਵਾਰ ਦੀ ਖੋਦਾਈ ’ਚ ਸਾਨੂੰ ਤਾਂਬੇ ਨਾਲ ਬਣੀਆਂ ਤਲਵਾਰਾਂ, ਮੁਕਟ, ਢਾਲ, ਰੱਥ ਤੋਂ ਇਲਾਵਾ ਚੌਲ ਅਤੇ ਮਾਂਹ ਦੀ ਦਾਲ ਨਾਲ ਭਰੇ ਮਟਕੇ ਮਿਲੇ ਹਨ। ਇਸ ਤੋਂ ਇਲਾਵਾ ਜੋ ਕਬਰਾਂ ਮਿਲੀਆਂ ਹਨ, ਉਨ੍ਹਾਂ ਕੋਲ ਜੰਗਲੀ ਸੂਰ ਅਤੇ ਨਿਓਲੇ ਦੇ ਅਵਸ਼ੇਸ਼ ਵੀ ਮਿਲੇ ਹਨ। ਇਸ ਤੋਂ ਇਹ ਸਮਝ ’ਚ ਆਉਂਦਾ ਹੈ ਕਿ ਜਾਨਵਰਾਂ ਦੀ ਬਲੀ ਸਵ. ਆਤਮਾਵਾਂ ਨੂੰ ਸ਼ਾਂਤੀ ਲਈ ਦਿੱਤੀ ਗਈ ਹੋਵੇਗੀ।


author

Inder Prajapati

Content Editor

Related News