ਝਾਰਖੰਡ ’ਚ ਦਰਦਨਾਕ ਹਾਦਸਾ, ਰੇਲਿੰਗ ਤੋੜਕੇ ਪੁਲ ਤੋਂ ਹੇਠਾਂ ਡਿੱਗੀ ਬੱਸ, 6 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
Saturday, Sep 17, 2022 - 09:35 PM (IST)
ਨੈਸ਼ਨਲ ਡੈਸਕ– ਝਾਰਖੰਡ ਦੇ ਹਜ਼ਾਰੀਬਾਗ ’ਚ ਇਕ ਦਰਦਨਾਕ ਹਾਦਸਾ ਹੋਇਆ ਹੈ। ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਕਰੀਬ 50 ਸਵਾਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਮਨੋਜ ਰਤਨ ਚੌਥੇ ਨੇ ਦੱਸਿਆ ਕਿ ਗਿਰੀਡੀਹ ਤੋਂ ਰਾਂਚੀ ਜਾ ਰਹੀ ਇਹ ਬੱਸ ਟਾਟੀਝਰੀਆ ਥਾਣੇ ਖੇਤਰ ’ਚ ਪੁਲਸ ਦੀ ਰੇਲਿੰਗ ਤੋੜਦੇ ਹੋਏ ਸ਼ਿਵਾਨੀ ਨਦੀ ’ਚ ਜਾ ਡਿੱਗੀ।
ਉਨ੍ਹਾਂ ਦੱਸਿਆ ਕਿ ਦੋ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਨੂੰ ਹਜ਼ਾਰੀਬਾਗ ਦੇ ਸਦਰ ਹਸਪਤਾਲ ’ਚ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਯਾਤਰੀ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਰਾਂਚੀ ਦੇ ਰਾਜਿੰਦਰ ਆਯੁਰਵਿਗਿਆਨ ਸੰਸਥਾਨ ਭੇਜਿਆ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਜੇਕਰ ਬੱਸ ਨਦੀ ਦੇ ਪਾਣੀ ਵਿਚਕਾਰ ਡਿੱਗਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਹੁਣ ਵੀ ਕੁਝ ਯਾਤਰੀ ਬੱਸ ਦੇ ਅੰਦਰ ਫਸੇ ਹੋਏ ਹਨ ਅਤੇ ਗੈਸ ਕਟਰ ਦੀ ਮਦਦ ਨਾਲ ਬੱਸ ਨੂੰ ਕੱਟ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਮੁੱਖ ਮੰਤਰੀ ਹੇਮੰਦ ਸੋਰੇਨ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਕ ਟਵੀਟ ਕੀਤਾ, ‘ਟਾਟੀਝਰੀਆ ’ਚ ਪੁਲ ਤੋਂ ਬੱਸ ਡਿੱਗਣ ਕਾਰਨ ਹੋਏ ਨੁਕਸਾਨ ਤੋਂ ਮਨ ਦੁਖੀ ਹੈ। ਪਰਮਾਤਮਾ ਮ੍ਰਿਤਕਾਂ ਦੀ ਆਤਮਾਂ ਨੂੰ ਸ਼ਾਂਤੀ ਪ੍ਰਦਾਨ ਕਰਕੇ ਦੁਖੀ ਪਰਿਵਾਰਾਂ ਨੂੰ ਦੁੱਖ ਦੀ ਘੜੀ ਸਹਿਰ ਦੀ ਸ਼ਕਤੀ ਦੇਵੇ। ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਰਾਹਤ ਅਤੇ ਬਚਾਅ ਕੰਮ ਕੀਤਾ ਜਾ ਰਿਹਾ ਹੈ। ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਾਂਦਾ ਹਾਂ।’