ਫਿਰ ਵਾਪਰਿਆ ਵੱਡਾ ਰੇਲ ਹਾਦਸਾ: 10 ਡੱਬੇ ਪਟੜੀ ਤੋਂ ਉਤਰੇ, ਦੋ ਡੱਬਿਆਂ 'ਚ ਭਰਿਆ ਸੀ ਕੈਮੀਕਲ
Saturday, Jul 20, 2024 - 10:10 PM (IST)
ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਵਿੱਚ ਇਕ ਵਾਰ ਫਿਰ ਵੱਡਾ ਰੇਲ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਰਾਦਾਬਾਦ ਤੋਂ ਦਿੱਲੀ ਜਾ ਰਹੀ ਇੱਕ ਮਾਲ ਗੱਡੀ ਅਮਰੋਹਾ ਰੇਲਵੇ ਸਟੇਸ਼ਨ ਨੇੜੇ ਪਲਟ ਗਈ। ਹਾਦਸਾ ਇੰਨਾ ਵੱਡਾ ਸੀ ਕਿ ਮਾਲ ਗੱਡੀ ਦੇ ਪਰਖੱਚੇ ਉੱਡ ਗਏ। ਮਾਲ ਗੱਡੀ ਦੇ 10 ਡੱਬੇ ਪਲਟ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਕੰਪਾਰਟਮੈਂਟ ਕੈਮੀਕਲ ਨਾਲ ਭਰੇ ਹੋਏ ਹਨ, ਜਦੋਂ ਕਿ ਅੱਠ ਡੱਬੇ ਖਾਲੀ ਦੱਸੇ ਜਾਂਦੇ ਹਨ।
ਜ਼ੋਰਦਾਰ ਧਮਾਕੇ ਨਾਲ ਵਾਪਰੇ ਇਸ ਹਾਦਸੇ ਕਾਰਨ ਸਥਾਨਕ ਲੋਕਾਂ ਦੇ ਹੋਸ਼ ਉੱਡ ਗਏ। ਹਾਦਸੇ ਕਾਰਨ ਰੇਲਵੇ ਟਰੈਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਜਦੋਂ ਕਿ ਦਿੱਲੀ ਅਤੇ ਮੁਰਾਦਾਬਾਦ ਤੋਂ ਆਉਣ ਵਾਲੀਆਂ ਦਰਜਨਾਂ ਟਰੇਨਾਂ ਪ੍ਰਭਾਵਿਤ ਹੋਈਆਂ ਹਨ।
ਮਾਲ ਗੱਡੀ ਪਲਟਣ ਦਾ ਸੁਨੇਹਾ ਮਿਲਦੇ ਹੀ ਰੇਲਵੇ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ। ਰੇਲਵੇ ਅਤੇ ਜੀਆਰਪੀ ਤੁਰੰਤ ਮੌਕੇ 'ਤੇ ਪਹੁੰਚ ਗਏ। ਮਾਲ ਗੱਡੀ ਅਪ ਲਾਈਨ 'ਤੇ ਸੀ। ਜਦੋਂਕਿ ਪਲਟਣ ਤੋਂ ਬਾਅਦ ਮਾਲ ਗੱਡੀ ਦੇ ਡੱਬੇ ਡਾਊਨ ਲਾਈਨ 'ਤੇ ਖਿੱਲਰ ਗਏ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮਾਲ ਗੱਡੀ ਪਟੜੀ ਤੋਂ ਉਤਰਨ ਦਾ ਹਾਦਸਾ ਕਿਵੇਂ ਵਾਪਰਿਆ।