ਟਰੈਕਟਰ ਮਾਰਚ ਤੋਂ ਪਹਿਲਾਂ ਬੋਲੇ ਨਰੇਂਦਰ ਤੋਮਰ- ਜਲਦ ਖ਼ਤਮ ਹੋਵੇਗਾ ਕਿਸਾਨਾਂ ਦਾ ਪ੍ਰਦਰਸ਼ਨ

01/25/2021 5:58:07 PM

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ। ਸਰਕਾਰ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ 11 ਗੇੜ ਦੀ ਗੱਲਬਾਤ ਹੋ ਚੁਕੀ ਹੈ ਪਰ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। ਇਸ ਵਿਚ ਕਿਸਾਨਾਂ ਦੇ ਟਰੈਕਟਰ ਮਾਰਚ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦਾ ਬਿਆਨ ਸਾਹਮਣੇ ਆਇਆ ਹੈ। ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨ ਅਤੇ ਖੇਤੀ ਦੋਹਾਂ ਦੇ ਹਿੱਤਾਂ ਦੇ ਪ੍ਰਤੀ ਵਚਨਬੱਧ ਹੈ। ਪੀ.ਐੱਮ. ਮੋਦੀ ਜੀ ਦੀ ਅਗਵਾਈ 'ਚ ਪਿਛਲੇ 6 ਸਾਲਾਂ 'ਚ ਕਿਸਾਨ ਦੀ ਆਮਦਨੀ ਵਧਾਉਣ, ਖੇਤੀ ਨੂੰ ਨਵੀਂ ਤਕਨੀਕ ਨਾਲ ਜੁੜਨ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਐੱਮ.ਐੱਸ.ਪੀ. ਨੂੰ ਡੇਢ ਗੁਣਾ ਕਰਨ ਦਾ ਕੰਮ ਵੀ ਪੀ.ਐੱਮ. ਦੀ ਅਗਵਾਈ 'ਚ ਹੋਇਆ। 

ਆਉਣ ਵਾਲੇ ਕੱਲ ਨਿਕਲ ਜਾਵੇਗਾ ਇਸ ਦਾ ਹੱਲ
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੱਲ 'ਚ ਇਸ ਦਾ ਹੱਲ ਨਿਕਲ ਜਾਵੇਗਾ। ਤੋਮਰ ਨੇ ਕਿਹਾ ਕਿ ਕਿਸਾਨਾਂ ਨਾਲ 11 ਗੇੜ ਦੀ ਗੱਲਬਾਤ ਤੋਂ ਬਾਅਦ ਜਦੋਂ ਹੱਲ ਨਹੀਂ ਨਿਕਲਿਆ, ਉਦੋਂ ਮੈਂ ਕਿਸਾਨਾਂ ਨੂੰ ਕਿਹਾ ਕਿ ਡੇਢ ਸਾਲ ਲਈ ਕਾਨੂੰਨਾਂ ਦੇ ਅਮਲ ਨੂੰ ਮੁਲਤਵੀ ਕਰ ਦਿੰਦੇ ਹਾਂ। ਸੁਪਰੀਮ ਕੋਰਟ ਨੇ ਮੁਲਤਵੀ ਕੀਤਾ ਹੈ ਤਾਂ ਅਸੀਂ ਉਨ੍ਹਾਂ ਨੂੰ ਅਪੀਲ ਕਰਾਂਗੇ ਕਿ ਥੋੜ੍ਹਾ ਹੋਰ ਸਮਾਂ ਦਿਓ ਤਾਂ ਕਿ ਉਸ ਸਮੇਂ 'ਚ ਅਸੀਂ ਲੋਕ ਗੱਲਬਾਤ ਰਾਹੀਂ ਹੱਲ ਕੱਢ ਸਕੀਏ।

ਟਰੈਕਟਰ ਮਾਰਚ ਕਿਸੇ ਹੋਰ ਦਿਨ ਵੀ ਹੋ ਸਕਦਾ ਸੀ 
ਤੋਮਰ ਨੇ ਕਿਹਾ ਕਿ ਕਿਸਾਨ ਨੂੰ ਉਸ ਦੇ ਉਤਪਾਦਨ ਦੀ ਸਹੀ ਕੀਮਤ ਮਿਲ ਸਕੇ, ਕਿਸਾਨ ਮਹਿੰਗੀਆਂ ਫ਼ਸਲਾਂ ਵੱਲ ਆਕਰਸ਼ਿਤ ਹੋ ਸਕੇ, ਇਸ ਲਈ ਜਿੱਥੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ, ਉੱਥੇ ਕਾਨੂੰਨ ਬਣਾਏ ਗਏ ਅਤੇ ਜਿੱਥੇ ਕਾਨੂੰਨ 'ਚ ਤਬਦੀਲੀ ਦੀ ਜ਼ਰੂਰਤ ਸੀ, ਉੱਥੇ ਕਾਨੂੰਨ 'ਚ ਤਬਦੀਲੀ ਵੀ ਕੀਤੀ ਗਈ। ਇਸ ਦੇ ਪਿੱਛੇ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਸਾਫ਼ ਨੀਅਤ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਟਰੈਕਟਰ ਮਾਰਚ ਕਿਸੇ ਹੋਰ ਦਿਨ ਵੀ ਹੋ ਸਕਦਾ ਸੀ ਪਰ ਉਨ੍ਹਾਂ ਨੇ 26 ਜਨਵਰੀ ਦੇ ਦਿਨ ਹੀ ਅੰਦੋਲਨ ਕਰਨ ਦਾ ਐਲਾਨ ਕੀਤਾ ਤਾਂ ਉਦੋਂ ਪੁਲਸ ਪ੍ਰਸ਼ਾਸਨ ਉਨ੍ਹਾਂ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਕਿ ਇਹ ਆਯੋਜਨ ਸ਼ਾਂਤੀਪੂਰਵਕ ਹੋਵੇ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News