ਮਨਾਲੀ ''ਚ ਵਧੀ ਸੈਲਾਨੀਆਂ ਦੀ ਆਮਦ
Saturday, Nov 23, 2024 - 05:12 PM (IST)
ਮਨਾਲੀ- ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਇਸ ਸਮੇਂ ਵਿੰਟਰ ਸੈਰ-ਸਪਾਟਾ ਸੀਜ਼ਨ ਆਪਣੇ ਸ਼ਿਖਰ 'ਤੇ ਹੈ। ਇੱਥੇ ਸੈਲਾਨੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬਰਫ਼ਬਾਰੀ ਦਾ ਮੌਸਮ ਜਿਵੇਂ ਹੀ ਸ਼ੁਰੂ ਹੋਇਆ ਹੈ, ਸੈਲਾਨੀਆਂ ਦੀ ਆਮਦ ਵੀ ਹੋਰ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ। ਮਨਾਲੀ ਦੇ ਮੁੱਖ ਸੈਰ-ਸਪਾਟਾ ਸਥਾਨ ਇਸ ਸਮੇਂ ਸੈਲਾਨੀਆਂ ਨਾਲ ਗੁਲਜ਼ਾਰ ਹਨ ਅਤੇ ਵੀਕੈਂਡ ਦੌਰਾਨ ਇੱਥੇ ਹੋਰ ਵੱਧ ਭੀੜ ਵੱਧੇਗੀ।
ਮਨਾਲੀ ਵਿਚ ਸੈਰ-ਸਪਾਟਾ ਉਦਯੋਗ 'ਚ ਪਿਛਲੇ ਇਕ ਹਫ਼ਤੇ ਤੋਂ ਤੇਜ਼ੀ ਆਈ ਹੈ। ਗ੍ਰੀਨ ਟੈਕਸ ਬੈਰੀਅਰ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਰੋਜ਼ਾਨਾ ਔਸਤਨ 800 ਸੈਲਾਨੀ ਵਾਹਨ ਮਨਾਲੀ ਪਹੁੰਚ ਰਹੇ ਹਨ। ਇਸ ਤੋਂ ਇਲਾਵਾ 90 ਤੋਂ ਵੱਧ ਵੋਲਵੋ ਬੱਸਾਂ ਅਤੇ ਟੈਂਪੂ ਟਰੈਵਲਰਾਂ ਜ਼ਰੀਏ ਵੀ ਹਜ਼ਾਰਾਂ ਸੈਰ-ਸਪਾਟਾ ਦਾ ਰੁਖ਼ ਕਰ ਚੁੱਕੇ ਹਨ। ਮਨਾਲੀ ਦੇ ਹੋਟਲ ਉਦਯੋਗ ਵਿਚ ਵੀ ਇਸ ਸਮੇਂ ਚੰਗੀ ਬੁਕਿੰਗ ਵੇਖੀ ਜਾ ਰਹੀ ਹੈ।
ਦਿਨ ਦੇ ਸਮੇਂ ਸੈਰ-ਸਪਾਟਾ ਵਾਲੀਆਂ ਥਾਵਾਂ 'ਤੇ ਭੀੜ ਵੱਧਣ ਦੇ ਨਾਲ-ਨਾਲ ਸ਼ਾਮ ਹੁੰਦੇ ਹੀ ਮਨਾਲੀ ਦਾ ਪ੍ਰਸਿੱਧ ਮਾਲ ਰੋਡ ਸੈਲਾਨੀਆਂ ਨਾਲ ਭਰ ਜਾਂਦਾ ਹੈ। ਸੈਲਾਨੀਆਂ ਵਲੋਂ ਇੱਥੇ ਕੀਤੀ ਜਾ ਰਹੀ ਸ਼ਾਪਿੰਗ ਅਤੇ ਖਾਣ-ਪੀਣ ਦੇ ਆਨੰਦ ਨਾਲ ਇਹ ਖੇਤਰ ਪੂਰੀ ਤਰ੍ਹਾਂ ਗੁਲਜਾਰ ਹੋ ਜਾਂਦਾ ਹੈ। ਹੋਟਲ ਸੰਚਾਲਕ ਹੰਸਰਾਜ ਅਤੇ ਦਵਿੰਦਰ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਹੋਟਲਾਂ ਵਿਚ 40 ਤੋਂ 60 ਫ਼ੀਸਦੀ ਕਮਰੇ ਬੁੱਕ ਹੋ ਚੁੱਕੇ ਹਨ ਅਤੇ ਵੀਕੈਂਡ ਦੌਰਾਨ ਇਹ ਗਿਣਤੀ ਹੋਰ ਵਧ ਸਕਦੀ ਹੈ।
ਮਨਾਲੀ ਦਾ ਮੌਸਮ ਇਸ ਸਮੇਂ ਸੈਲਾਨੀਆਂ ਲਈ ਖ਼ਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਿਵੇਂ-ਜਿਵੇਂ ਬਰਫ਼ਬਾਰੀ ਵਧੇਗੀ ਉਵੇਂ-ਉਵੇਂ ਸੈਲਾਨੀਆਂ ਦੀ ਗਿਣਤੀ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਹੋਟਲ ਅਤੇ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕ ਇਸ ਸੀਜ਼ਨ ਨੂੰ ਲੈ ਕੇ ਆਸਵੰਦ ਹਨ ਅਤੇ ਉਮੀਦ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਸੈਰ-ਸਪਾਟਾ ਹੋਰ ਜ਼ਿਆਦਾ ਵਧੇਗਾ।