ਓਲੰਪਿਕ ’ਚ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਰਾਜ ਸਭਾ ’ਚ ਸ਼ਲਾਘਾ, ਨਾਇਡੂ ਬੋਲੇ- ‘ਮਾਣ ਕਰਨ ਵਾਲੇ ਮੌਕੇ ਹੋਰ ਆਉਣ’
Monday, Aug 09, 2021 - 12:45 PM (IST)
ਨਵੀਂ ਦਿੱਲੀ— ਰਾਜ ਸਭਾ ’ਚ ਸੋਮਵਾਰ ਯਾਨੀ ਕਿ ਅੱਜ ਟੋਕੀਓ ਓਲੰਪਿਕ ਖੇਡਾਂ ’ਚ ਭਾਰਤ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਗਈ। ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਟੋਕੀਓ ਓਲੰਪਿਕ ’ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ’ਚ ਭਾਰਤ ਦਾ ਹੁਣ ਤੱਕ ਦਾ ਸ਼ਾਨਦਾਰ ਪ੍ਰਦਰਸ਼ਨ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਪ੍ਰਦਰਸ਼ਨ ਭਵਿੱਖ ਵਿਚ ਹੋਰ ਜ਼ਿਆਦਾ ਤਮਗੇ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਮਾਣ ਕਰਨ ਵਾਲੇ ਅਜਿਹੇ ਮੌਕੇ ਹੋਰ ਆਉਣ। ਸਾਡਾ ਟੀਚਾ ਤਮਗਾ ਸੂਚੀ ਵਿਚ ਟਾਪ 10 ਦੇਸ਼ਾਂ ਵਿਚ ਸ਼ਾਮਲ ਹੋਣ ਦਾ ਹੋਣਾ ਚਾਹੀਦਾ ਹੈ। ਟੋਕੀਓ ਓਲੰਪਿਕ ਸਾਡੇ ਦੇਸ਼ ਲਈ ਸ਼ਾਨਦਾਰ ਰਿਹਾ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਹਿਮਾਚਲ ਸਰਕਾਰ ਦਾ ਖ਼ਾਸ ਤੋਹਫ਼ਾ
ਵੈਂਕਈਆ ਨਾਇਡੂ ਨੇ ਉੱਚੇਚੇ ਤੌਰ ’ਤੇ ਜੈਵਲਿਨ ਥ੍ਰੋਅ (ਭਾਲਾ ਸੁੱਟਣ) ’ਚ ਬਿਹਤਰ ਪ੍ਰਦਰਸ਼ਨ ਅਤੇ ਭਾਰਤ ਦੀ ਝੋਲੀ ਸੋਨ ਤਮਗਾ ਪਾਉਣ ਵਾਲੇ ਨੀਰਜ ਚੋਪੜਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੀਰਜ ਚੋਪੜਾ ਨੇ ਸੋਨ ਤਮਗਾ ਜਿੱਤ ਕੇ ਸਾਡੇ ਦੇਸ਼ ਦਾ ਮਾਣ ਵਧਾਇਆ। ਜਿਸ ਤਰੀਕੇ ਨਾਲ ਉਨ੍ਹਾਂ ਨੇ ਮੈਦਾਨ ’ਚ ਦਬਦਬਾ ਬਣਾਇਆ ਅਤੇ ਖੇਡੇ, ਅਜਿਹਾ ਪਹਿਲਾਂ ਕਦੇ ਨਹੀਂ ਵੇਖਿਆ। ਦੇਸ਼ ਖੁਸ਼ੀ ਨਾਲ ਝੂਮ ਉੱਠਿਆ ਅਤੇ ਭਾਰਤ ਦੇ ਲੋਕ ਇਹ ਹੀ ਕਹਿ ਰਹੇ ਸਨ ਕਿ ‘ਅਸੀਂ ਵੀ ਕਰ ਸਕਦੇ ਹਾਂ’। ਦੱਸ ਦੇਈਏ ਕਿ ਟੋਕੀਓ ਓਲੰਪਿਕ ’ਚ ਭਾਰਤ ਨੇ 7 ਤਮਗੇ ਜਿੱਤੇ ਹਨ। ਨੀਰਜ ਚੋਪੜਾ ਨੇ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰੰਪਿਕ: ਮੀਰਾਬਾਈ ਤੋਂ ਲੈ ਕੇ ਨੀਰਜ ਤੱਕ, ਇਹ ਹਨ ਭਾਰਤ ਦੇ ‘7 ਚੈਂਪੀਅਨ’
ਇਸ ਤੋਂ ਪਹਿਲਾਂ ਜਿਵੇਂ ਹੀ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਨਾਇਡੂ ਨੇ ‘ਭਾਰਤ ਛੱਡੋ ਅੰਦੋਲਨ’ ਦੀ 79ਵੀਂ ਵਰ੍ਹੇਗੰਢ ’ਤੇ ਆਜ਼ਾਦੀ ਦੇ ਅੰਦੋਲਨ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਪੂਰੇ ਸਦਨ ਨੇ ਉਨ੍ਹਾਂ ਨੂੰ ਕੁਝ ਪਲਾਂ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਇਸ ਮਗਰੋਂ ਚੇਅਰਮੈਨ ਨੇ ਕਿਹਾ ਕਿ ਉਹ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਕਰਾਉਣ ਲਈ ਤਿਆਰ ਹੈ ਪਰ ਇਸ ਦਰਮਿਆਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਪੈਗਾਸਸ ਜਾਸੂਸੀ ਕਾਂਡ ’ਤੇ ਚਰਚਾ ਦੀ ਮੰਗ ਕਰਦੇ ਹੋਏ ਹੰਗਾਮਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਸਦਨ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।