ਅੱਜ ਹੈ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦਾ ਜਨਮ ਦਿਨ, ਸਿਸੋਦੀਆ ਨੇ ਦਿੱਤੀ ਵਧਾਈ
Friday, Aug 16, 2024 - 11:19 AM (IST)
ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਪਾਰਟੀ ਪ੍ਰਧਾਨ "ਦੇਸ਼ ਵਿੱਚ ਤਾਨਾਸ਼ਾਹੀ ਦੇ ਖ਼ਿਲਾਫ਼ ਸਭ ਤੋਂ ਮੁਸ਼ਕਿਲ ਲੜਾਈ ਲੜ ਰਹੇ ਹਨ।" ਕੇਜਰੀਵਾਲ ਇਸ ਸਮੇਂ ਫਿਲਹਾਲ ਜੇਲ੍ਹ ਵਿੱਚ ਹਨ ਅਤੇ ਪਾਰਟੀ ਉਹਨਾਂ ਦੇ ਜਨਮ ਦਿਨ 'ਤੇ ਕਈ ਪ੍ਰੋਗਰਾਮ ਆਯੋਜਿਤ ਕਰੇਗੀ। ਸਿਸੋਦੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, 'ਦੇਸ਼ ਵਿਚ ਜਾਰੀ ਤਾਨਾਸ਼ਾਹੀ ਦੇ ਖ਼ਿਲਾਫ਼ ਸਭ ਤੋਂ ਮੁਸ਼ਕਲ ਲੜਾਈ ਲੜਨ ਵਾਲੇ ਦਿੱਲੀ ਦੇ ਮੁੱਖ ਮੰਤਰੀ, ਮੇਰੇ ਪਿਆਰੇ ਮਿੱਤਰ ਅਤੇ ਸਿਆਸਤ ਦੇ ਗੁਰੂ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।''
ਉਹਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਇਕ ਅਜਿਹੇ ਦੇਸ਼ ਭਗਤ ਅਤੇ ਕ੍ਰਾਂਤੀਕਾਰੀ ਨੇਤਾ ਦੇ ਸਿਪਾਹੀ ਹਾਂ, ਜਿਸ ਨੇ ਤਾਨਾਸ਼ਾਹ ਦੇ ਸਾਹਮਣੇ ਗੋਡੇ ਟੇਕਣ ਦੀ ਥਾਂ ਜੇਲ੍ਹ ਜਾਣ ਦਾ ਰਾਸਤਾ ਚੁਣਿਆ। ਅਰਵਿੰਦ ਕੇਜਰੀਵਾਲ ਦੇ ਰੂਪ ਵਿਚ ਅੱਜ ਦੇਸ਼ ਦਾ ਲੋਕਤੰਤਰ ਜੇਲ੍ਹ ਵਿਚ ਕੈਦ ਹੈ। ਸਾਬਕਾ ਉਪ ਮੁੱਖ ਮੰਤਰੀ ਵੀ ਸ਼ਾਮ ਨੂੰ ਆਪਣੀ ਪੈਦਲ ਯਾਤਰਾ ਸ਼ੁਰੂ ਕਰਨਗੇ। 'ਆਪ' ਨੇ ਐਕਸ 'ਤੇ ਲਿਖਿਆ,'ਅਰਵਿੰਦ ਕੇਜਰੀਵਾਲ ਉਹ ਵਿਚਾਰ ਹੈ, ਜਿਸ ਨੂੰ ਜਿਨਾ ਦਬਾਇਆ ਜਾਵੇਗਾ, ਉਹ ਉਸ ਤੋਂ ਵੱਧ ਮਜਬੂਤ ਹੋਵੇਗਾ।' ਦਿੱਲੀ ਦੇ ਮੰਤਰੀ ਆਤਿਸ਼ੀ ਨੇ ਕੇਜਰੀਵਾਲ ਨੂੰ "ਆਧੁਨਿਕ ਭਾਰਤ ਦਾ ਕ੍ਰਾਂਤੀਕਾਰੀ ਨੇਤਾ" ਕਿਹਾ ਅਤੇ ਉਨ੍ਹਾਂ ਦੇ ਛੇਤੀ ਹੀ ਜੇਲ੍ਹ ਤੋਂ ਬਾਹਰ ਆਉਣ ਦਾ ਭਰੋਸਾ ਪ੍ਰਗਟਾਇਆ। ਆਤਿਸ਼ੀ ਨੇ 'ਐਕਸ' 'ਤੇ ਲਿਖਿਆ, ''ਅੱਜ ਆਧੁਨਿਕ ਭਾਰਤ ਦੇ ਕ੍ਰਾਂਤੀਕਾਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਹੈ, ਜਿਨ੍ਹਾਂ ਨੇ ਆਪਣੇ ਸ਼ਾਸਨ ਮਾਡਲ ਨਾਲ ਦਿੱਲੀ ਦੀ ਹਾਲਤ ਬਦਲ ਦਿੱਤੀ। ਆਪਣੀ ਇਮਾਨਦਾਰੀ ਦੀ ਰਾਜਨੀਤੀ ਨਾਲ ਦਿੱਲੀ ਦੇ ਲੋਕਾਂ ਨੂੰ ਨਵੀਂ ਉਮੀਦ ਦਿੱਤੀ।''
ਉਨ੍ਹਾਂ ਕਿਹਾ, "ਤਾਨਾਸ਼ਾਹੀ ਨਾਲ ਲੜਦੇ ਹੋਏ ਲੱਖਾਂ ਲੋਕਾਂ ਦਾ ਭਵਿੱਖ ਬਣਾਉਣ ਵਾਲਾ ਅਰਵਿੰਦ ਅੱਜ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਹੈ ਪਰ ਸੱਚ ਦੀ ਜਿੱਤ ਹੋਵੇਗੀ, ਦਿੱਲੀ ਵਾਸੀਆਂ ਦਾ ਚਹੇਤਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ।" ਅਰਵਿੰਦ ਕੇਜਰੀਵਾਲ ‘ਆਪ’ ਦੇ ਕੌਮੀ ਕੋਆਰਡੀਨੇਟਰ ਵੀ ਹਨ। ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਜਰੀਵਾਲ ਤਿਹਾੜ ਜੇਲ੍ਹ ਵਿੱਚ ਹਨ। ਉਸ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜੂਨ ਵਿੱਚ ਜੇਲ੍ਹ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ।