ਚੀਨ ਤੋਂ ਆਜ਼ਾਦੀ ਦੀ ਬਜਾਏ ਖੁਦਮੁਖਤਿਆਰੀ ਦੀ ਮੰਗ ਕਰ ਰਿਹਾ ਤਿੱਬਤ : ਦਲਾਈ ਲਾਮਾ
Friday, Aug 26, 2022 - 12:43 PM (IST)
ਲੇਹ- ਤਿੱਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਪੈਰੋਕਾਰਾਂ ਵਿਚ ਵਿਸ਼ਵਾਸ ਪੈਦਾ ਕਰਦੇ ਹੋਏ ਕਿਹਾ ਕਿ ਜਲਦੀ ਹੀ ਉਹ ਸਮਾਂ ਆਵੇਗਾ ਜਦੋਂ ਲੱਦਾਖੀਆਂ ਨੂੰ ਦੁਬਾਰਾ ਲਹਾਸਾ ਦਾ ਦੌਰਾ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਤਿੱਬਤੀ ਹੁਣ ਪੂਰਨ ਆਜ਼ਾਦੀ ਦੀ ਮੰਗ ਨਹੀਂ ਕਰ ਰਹੇ ਹਨ, ਸਗੋਂ ਸਿਰਫ਼ ਬੁਨਿਆਦੀ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਹਨ। ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਬਦਲਦੇ ਸਮੇਂ ਨਾਲ ਲਹਾਸਾ ਦਾ ਰਸਤਾ ਜਲਦੀ ਹੀ ਖੁੱਲ੍ਹ ਜਾਵੇਗਾ। ਦਲਾਈਲਾਮਾ ਲੱਦਾਖ ਦੇ ਆਪਣੇ ਇਕ ਮਹੀਨੇ ਦੇ ਦੌਰੇ ਦੀ ਸਮਾਪਤੀ 'ਤੇ ਲੇਹ ਦੇ ਥੁਪਸਨਲਿੰਗ ਗੋਮਪਾ, ਡਿਸਕੀਟ ਸਾਲ ਵਿਖੇ ਨਿਊ ਸਟੱਡੀ ਸੈਂਟਰ ਵਿਖੇ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ।
ਧਾਰਮਿਕ ਗੁਰੂ ਨੇ ਕਿਹਾ,''ਸਿਆਸੀ ਜ਼ਿੰਮੇਵਾਰੀ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਹੀ ਅਸੀਂ ਵਿਚਕਾਰਲਾ ਰਸਤਾ ਕੱਢ ਲਿਆ ਹੈ। ਅਸੀਂ ਹੁਣ ਤਿੱਬਤ ਲਈ ਸਰਬਸੰਮਤੀ ਨਾਲ ਹੱਲ ਦੀ ਮੰਗ ਕਰ ਰਹੇ ਹਾਂ, ਜਿਸ ਦਾ ਰਸਤਾ ਖੁਦਮੁਖਤਿਆਰੀ ਵਿਚੋਂ ਲੰਘਦਾ ਹੈ। ਅਸੀਂ ਆਪਣੀ ਪਛਾਣ, ਭਾਸ਼ਾ, ਅਮੀਰ ਬੋਧੀ ਸੱਭਿਆਚਾਰਕ ਵਿਰਸੇ ਦੀ ਰਾਖੀ ਲਈ ਪੂਰਨ ਆਜ਼ਾਦੀ ਦੀ ਬਜਾਏ ਬੁਨਿਆਦੀ ਖੁਦਮੁਖਤਿਆਰੀ ਚਾਹੁੰਦੇ ਹਾਂ।'' ਧਾਰਮਿਕ ਗੁਰੂ ਨੇ ਕਿਹਾ ਕਿ ਲਹਾਸਾ ਵਿਚ ਮੁਸਲਿਮ ਭਾਈਚਾਰਾ ਬਹੁਤ ਸ਼ਾਂਤਮਈ ਹੈ। ਬਾਅਦ ਵਿਚ ਸਿੰਧੂ ਘਾਟ ਵਿਖੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਧਾਰਮਿਕ ਗੁਰੂ ਨੇ ਅਹਿੰਸਾ ਅਤੇ ਦਇਆ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾਰਟਿਨ ਲੂਥਰ ਕਿੰਗ ਅਤੇ ਨੈਲਸਨ ਮੰਡੇਲਾ ਵਰਗੇ ਆਗੂਆਂ ਨੇ ਮਹਾਤਮਾ ਗਾਂਧੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਮਿਸਾਲ ਕਾਇਮ ਕੀਤੀ ਹੈ। ਆਧੁਨਿਕ ਸਿੱਖਿਆ ਵਿਚ ਅਹਿੰਸਾ ਅਤੇ ਦਇਆ ਨੂੰ ਪਹਿਲ ਦੇ ਆਧਾਰ 'ਤੇ ਸ਼ਾਮਲ ਕਰਨ ਦੀ ਲੋੜ ਹੈ।