ਲੋਕਾਂ ਤੋਂ ਲੁੱਟਿਆ ਗਿਆ ਇਕ-ਇਕ ਪੈਸਾ ਵਾਪਸ ਦੇਣਾ ਹੋਵੇਗਾ, ਇਹ ''ਮੋਦੀ ਦੀ ਗਾਰੰਟੀ'' ਹੈ : PM ਮੋਦੀ

Friday, Dec 08, 2023 - 04:50 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਹ 'ਮੋਦੀ ਦੀ ਗਾਰੰਟੀ' ਹੈ ਕਿ ਉਨ੍ਹਾਂ ਨੂੰ ਲੋਕਾਂ ਤੋਂ ਲੁੱਟਿਆ ਗਿਆ ਇਕ-ਇਕ ਪੈਸਾ ਵਾਪਸ ਦੇਣਾ ਹੋਵੇਗਾ। ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਮੀਡੀਆ ਰਿਪੋਰਟ ਸਾਂਝੀ ਕੀਤੀ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਝਾਰਖੰਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਪ੍ਰਸਾਦ ਸਾਹੂ ਨਾਲ ਜੁੜੇ ਇਕ ਕਾਰੋਬਾਰੀ ਸਮੂਹ ਦੇ ਵੱਖ-ਵੱਖ ਟਿਕਾਣਿਆਂ ਤੋਂ ਇਨਕਮ ਟੈਕਸ ਵਿਭਾਗ ਨੇ 200 ਕਰੋੜ ਰੁਪਏ ਨਕਦੀ ਬਰਾਮਦ ਕੀਤੀ ਹੈ। ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ,''ਦੇਸ਼ਵਾਸੀ ਇਨ੍ਹਾਂ ਨੋਟਾਂ ਦੇ ਢੇਰ ਨੂੰ ਦੇਖਣ ਅਤੇ ਫਿਰ ਇਨ੍ਹਾਂ ਦੇ ਨੇਤਾਵਾਂ ਦੇ ਈਮਾਨਦਾਰੀ ਦੇ 'ਭਾਸ਼ਣਾਂ' ਨੂੰ ਸੁਣਨ, ਜਨਤਾ ਤੋਂ ਜੋ ਲੁੱਟਿਆ ਹੈ, ਉਸ ਦੀ ਪਾਈ-ਪਾਈ ਵਾਪਸ ਕਰਨੀ ਪਵੇਗੀ, ਇਹ ਮੋਦੀ ਦੀ ਗਾਰੰਟੀ ਹੈ।'' ਉਨ੍ਹਾਂ ਨੇ ਇਸ ਪੋਸਟ ਨਾਲ ਕਈ ਇਮੋਜੀ ਵੀ ਲਗਾਈ। ਖ਼ਬਰ 'ਚ ਨੋਟਾਂ ਨਾਲ ਭਰੀਆਂ ਕਈ ਅਲਮਾਰੀਆਂ ਦੀਆਂ ਤਸਵੀਰਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। 

PunjabKesari

ਲੋਕ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ 'ਐਕਸ' 'ਤੇ ਪੋਸਟ ਰਾਹੀਂ ਵਿਰੋਧੀ ਦਲਾਂ 'ਤੇ ਨਿਸ਼ਾਨਾ ਵਿੰਨ੍ਹਣਾ ਤੇਜ਼ ਕਰ ਦਿੱਤਾ ਹੈ। ਪੀ.ਐੱਮ. ਨੇ 'ਐਕਸ' 'ਤੇ ਇਕ ਪੋਸਟ 'ਤੇ ਆਪਣੀ ਪ੍ਰਤੀਕਿਰਿਆ 'ਚ ਇਹ ਗੱਲ ਕਹੀ ਸੀ। ਉਸ ਪੋਸਟ ਦਾ ਸਿਰਲੇਖ ਸੀ 'ਮੈਲਟਡਾਊਨ-ਏ-ਆਜ਼ਮ' ਅਤੇ ਇਸ 'ਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਹਿੰਦੀ ਭਾਸ਼ਾ ਵਾਲੇ ਰਾਜਾਂ 'ਚ ਖੇਤਰੀ ਵੰਡ ਨੂੰ ਭੜਕਾਉਣ ਅਤੇ ਵੋਟਰਾਂ ਦਾ ਅਪਮਾਨ ਕਰਨ ਲਈ ਬਹਾਨੇ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ ਗਿਆ ਹੈ। 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਸਿਰਫ਼ ਤੇਲੰਗਾਨਾ 'ਚ ਜਿੱਤ ਮਿਲੀ ਹੈ ਅਤੇ ਇਸ ਲਈ ਉਸ ਨੂੰ ਤਸੱਲੀ ਵਰਗਾ ਦੱਸਿਆ ਜਾ ਰਿਹਾ ਹੈ। ਪੀ.ਐੱਮ. ਮੋਦੀ ਨੇ ਪੋਸਟ 'ਚ ਕਿਹਾ,''ਉਹ ਆਪਣੇ ਹੰਕਾਰ, ਝੂਠ, ਨਿਰਾਸ਼ਾਵਾਦ ਅਤੇ ਅਗਿਆਨਤਾ 'ਚ ਖੁਸ਼ ਰਹਿਣ ਪਰ ਉਨ੍ਹਾਂ ਦੇ ਵੰਡਣ ਵਾਲੇ ਏਜੰਡੇ ਤੋਂ ਸਾਵਧਾਨ ਰਹਿਣ। 70 ਸਾਲ ਦੀ ਪੁਰਾਣੀ ਆਦਤ ਇੰਨੀ ਆਸਾਨੀ ਨਾਲ ਨਹੀਂ ਜਾ ਸਕਦੀ। ਨਾਲ ਹੀ ਲੋਕਾਂ ਦੀ ਬੁੱਧੀਮਤਾ ਅਜਿਹੀ ਹੈ ਕਿ ਉਨ੍ਹਾਂ ਨੂੰ ਆਉਣ ਵਾਲੇ ਕਈ ਹੋਰ 'ਮੈਲਟਡਾਊਨ' (ਤਗੜੇ ਝਟਕਿਆਂ) ਲਈ ਤਿਆਰ ਰਹਿਣਾ ਹੋਵੇਗਾ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News