ਹਿਮਾਚਲ ਦੇ 5 ਪ੍ਰਸਿੱਧ ਸ਼ਿਵ ਮੰਦਰ, ਸਾਵਨ ਦੇ ਮਹੀਨੇ 'ਚ ਲਗਦੀ ਹੈ ਸ਼ਰਧਾਲੂਆਂ ਦੀ ਭੀੜ
Thursday, Jul 18, 2024 - 11:43 PM (IST)
ਨੈਸ਼ਨਲ ਡੈਸਕ- ਸਾਵਨ ਮਹੀਨੇ 'ਚ ਮੰਦਰਾਂ 'ਚ ਸ਼ਿਵ ਭਗਤਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਇਸ ਮੌਕੇ ਸ਼ਿਵ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਲਗਦੀ ਹੈ, ਜਿਥੇ ਉਹ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਉੱਤਰ ਭਾਰਤ 'ਚ ਸਾਵਨ ਦਾ ਮਹੀਨਾ 22 ਜੁਲਾਈ ਤੋਂ ਸ਼ੁਰੂ ਹੋ ਕੇ 19 ਅਗਸਤ 2024 ਨੂੰ ਖਤਮ ਹੋਵੇਗਾ, ਜਿਸ ਨੂੰ 'ਸ਼ਰਾਵਣ ਮਹੀਨਾ' ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਹਿਮਾਚਲ ਪ੍ਰਦੇਸ਼, ਭਾਰਤ ਦੀ ਉੱਤਰੀ ਸਰਹੱਦ ਦੇ ਕਰੀਬ ਸਥਿਤ ਆਪਣੀ ਕੁਦਰਤੀ ਸੁੰਦਰਤਾ ਅਤੇ ਧਾਰਮਿਕ ਮਹੱਤਵਨ ਲਈ ਪ੍ਰਸਿੱਧ ਹੈ। ਇਥੇ ਹਜ਼ਾਰਾਂ ਮੰਦਰ ਹਨ, ਜਿਨ੍ਹਾਂ 'ਚੋਂ ਕਈ ਸ਼ਿਵ ਮੰਦਰ ਭਗਤਾਂ ਦੇ ਧਿਆਨ ਅਤੇ ਪੂਜਾ ਦਾ ਕੇਂਦਰ ਹਨ। ਇਸ ਖਬਰ 'ਚ ਅਸੀਂ 5 ਪ੍ਰਮੁੱਖ ਸ਼ਿਵ ਮੰਤਰਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦੇ ਰਹੇ ਹਾਂ ਜੋ ਹਿਮਾਚਲ ਪ੍ਰਦੇਸ਼ 'ਚ ਸਥਿਤ ਹਨ।
ਕਿੰਨਰ ਕੈਲਾਸ਼ (ਕਿੰਨੌਰ)
ਕਿੰਨੌਰ ਜ਼ਿਲ੍ਹੇ 'ਚ ਸਥਿਤ ਕਿੰਨਰ ਕੈਲਾਸ਼ ਇਕ ਪ੍ਰਸਿੱਧ ਪਰਬਤ ਹੈ ਜੋ ਤਿੱਬਤ ਦੀ ਸਰਹੱਦ 'ਤੇ ਸਥਿਤ ਹੈ। ਇਸ ਪਰਬਤ ਦੀ ਉਚਾਈ ਲਗਭਗ 6500 ਮੀਟਰ (21,325 ਫੁੱਟ) ਹੈ। ਇਸ ਨੂੰ ਖਾਸ ਬਣਾਉਂਦਾ ਹੈ ਉਸ 'ਤੇ ਸਥਿਤ ਇਕ ਵਿਸ਼ਾਲ ਸ਼ਿਵਲਿੰਗ, ਜਿਸ ਦੀ ਉਚਾਈ 40 ਫੁੱਟ ਅਤੇ ਚੌੜਾਈ 16 ਫੁੱਟ ਹੈ। ਕਿੰਨਰ ਕੈਲਾਸ਼ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਦਿਨ 'ਚ 7 ਵਾਰ ਰੰਗ ਬਦਲਦਾ ਹੈ, ਜਿਸ ਨੂੰ ਦੇਖਣ ਲਈ ਦੁਨੀਆ ਭਰ ਤੋਂ ਸ਼ਰਧਾਲੂ ਇਥੇ ਆਉਂਦੇ ਹਨ।
ਭਰਮੌਰੀ ਕੈਲਾਸ਼ (ਚੰਬਾ)
ਭਰਮੌਰੀ ਕੈਲਾਸ਼, ਜਿਸ ਨੂੰ ਮਨੀਮਹੇਸ਼-ਕੈਲਾਸ਼ ਵੀ ਕਿਹਾ ਜਾਂਦਾ ਹੈ, ਧੌਲਾਧਾਰ ਅਤੇ ਪਾਂਗੀ ਪਰਬਤ ਲੜੀ ਦੇ ਵਿਚਕਾਰ ਸਥਿਤ ਹੈ। ਇਹ ਸ਼ੈਵ ਤੀਰਥ ਸਥਾਨ ਹੈ ਅਤੇ ਲੋਕ ਇੱਥੇ ਹਜ਼ਾਰਾਂ ਸਾਲਾਂ ਤੋਂ ਤੀਰਥ ਯਾਤਰਾ ਕਰਦੇ ਆ ਰਹੇ ਹਨ। ਇਸ ਖੇਤਰ ਵਿਚ ਮਨੀਮਹੇਸ਼ ਨਾਮ ਦੀ ਇਕ ਪਵਿੱਤਰ ਝੀਲ ਵੀ ਹੈ, ਜੋ ਸਮੁੰਦਰ ਤਲ ਤੋਂ ਲਗਭਗ 13,500 ਫੁੱਟ ਦੀ ਉਚਾਈ 'ਤੇ ਸਥਿਤ ਹੈ।
ਸ਼੍ਰੀਖੰਡ ਕੈਲਾਸ਼ (ਕੁੱਲੂ)
ਸ਼੍ਰੀਖੰਡ ਕੈਲਾਸ਼ ਹਿਮਚਾਲ ਪ੍ਰਦੇਸ਼ ਦੇ ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ 'ਚ ਸਥਿਤ ਹੈ। ਇਸ ਦੀ ਉਚਾਈ 18,570 ਫੁੱਟ (5,676 ਮੀਟਰ) ਹੈ ਅਤੇ ਮੰਨਿਆ ਜਾਂਦਾ ਹੈ ਕਿ ਇਥੇ ਭਗਵਾਨ ਸ਼ਿਵ ਦਾ ਵਾਸ ਹੈ। ਸ਼੍ਰੀਖੰਡ ਮਹਾਦੇਵ ਦੀ ਪ੍ਰਸਿੱਧੀ ਦਾ ਕਾਰਨ ਇਸ ਪਰਬਤ 'ਤੇ ਸਥਿਤ ਵਿਸ਼ਾਲ ਸ਼ਿਵਲਿੰਗ ਹੈ, ਜਿਸ ਦੀ ਉਚਾਈ 72 ਫੁੱਟ ਹੈ।
ਬੈਜਨਾਥ ਮਹਾਦੇਵ (ਕਾਂਗੜਾ)
ਬੈਜਨਾਥ ਮਹਾਦੇਵ ਕਾਂਗੜਾ ਜ਼ਿਲ੍ਹੇ 'ਚ ਸਥਿਤ ਹੈ ਅਤੇ ਇਥੇ ਪ੍ਰਾਚੀਨ ਸ਼ਿਵ ਮੰਦਰ ਹੈ ਜੋ 13ਵੀਂ ਸਦੀ 'ਚ ਬਣਾਇਆ ਗਿਆ ਸੀ। ਇਸ ਮੰਦਰ ਦਾ ਨਾਂ ਵੈਦਿਆਨਾਥ ਵੀ ਹੈ ਕਿਉਂਕਿ ਇਥੇ ਭਗਵਾਨ ਸ਼ਿਵ ਨੂੰ ਦਵਾਈਆਂ ਦੇ ਸਵਾਮੀ ਦੇ ਰੂਪ 'ਚ ਪੂਜਿਆ ਜਾਂਦਾ ਹੈ।
ਕਾਠਗੜ੍ਹ ਮਹਾਦੇਵ (ਕਾਂਗੜਾ)
ਕਾਂਗੜਾ ਜ਼ਿਲ੍ਹੇ ਦੇ ਇੰਦੌਰਾ ਉਪਮੰਡਲ 'ਚ ਸਥਿਤ ਕਾਠਗੜ੍ਹ ਮਹਾਦੇਵ ਇਕ ਅਨੋਖਾ ਸ਼ਿਵਲਿੰਗ ਹੈ ਜਿਸ ਵਿਚ ਦੋ ਭਾਗ ਹੁੰਦੇ ਹਨ ਅਤੇ ਇਨ੍ਹਾਂ ਹਿੱਸਿਆਂ ਵਿਚਲੀ ਦੂਰੀ ਗ੍ਰਹਿਆਂ ਅਤੇ ਤਾਰਾਮੰਡਲਾਂ ਦੇ ਬਦਲਾਅ ਦੇ ਅਨੁਸਾਰ ਬਦਲਦੀ ਰਹਿੰਦੀ ਹੈ। ਇਸ ਲਿੰਗ ਦੀ ਵਿਸ਼ੇਸ਼ਤਾ ਹੈ ਕਿ ਸ਼ਿਵਰਾਤਰੀ ਦੇ ਦਿਨ ਇਹ ਦੋਵੇਂ ਭਾਗ ਮਿਲ ਜਾਂਦੇ ਹਨ, ਜਿਸ ਦੀ ਲੋਕਾਂ 'ਚ ਵਿਸ਼ੇਸ਼ ਮਾਣਤਾ ਹੈ। ਸ਼ਿਵ ਰੂਪ 'ਚ ਪੂਜੇ ਜਾਂਦੇ ਸ਼ਿਵਲਿੰਗ ਦੀ ਉਚਾਈ 7-8 ਫੁੱਟ ਹੈ ਜਦੋਂਕਿ ਪਾਰਵਤੀ ਦੇ ਰੂਪ ਵਿਚ ਪੂਜੇ ਜਾਣ ਵਾਲੇ ਹਿੱਸੇ ਦੀ ਉਚਾਈ 5-6 ਫੁੱਟ ਹੈ।