ਭਾਰਤ ਦੀ ਸਰਹੱਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ : ਸ਼ਾਹ
Tuesday, Feb 06, 2024 - 10:56 AM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਸਾਰੇ ਦੇਸ਼ਾਂ ਨਾਲ ਦੋਸਤਾਨਾ ਸਬੰਧ ਚਾਹੁੰਦੀ ਹੈ ਪਰ ਉਹ ਭਾਰਤ ਦੀ ਸਰਹੱਦ ਅਤੇ ਆਪਣੇ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਸ਼ਾਹ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ 10 ਸਾਲਾਂ ਦੇ ਸ਼ਾਸਨ ’ਚ ਅੰਦਰੂਨੀ ਸੁਰੱਖਿਆ ਦੇ ਲਿਹਾਜ਼ ਨਾਲ 3 ਮਹੱਤਵਪੂਰਨ ਖੇਤਰਾਂ ਜੰਮੂ-ਕਸ਼ਮੀਰ, ਪੂਰਬ-ਉੱਤਰ ਅਤੇ ਖੱਬੇ-ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ’ਤੇ ਸਫਲਤਾਪੂਰਵਕ ਕਾਬੂ ਪਾ ਲਿਆ ਹੈ।
ਉਨ੍ਹਾਂ ਨੇ ਇੱਥੇ ‘ਸਕਿਓਰਿਟੀ ਬਿਓਂਡ ਟੂਮਾਰੋ : ਫੋਰਜ਼ਿੰਗ ਇੰਡੀਆਜ਼ ਰੈਜ਼ੀਲੀਐਂਟ ਫਿਊਚਰ’ ਵਿਸ਼ੇ ’ਤੇ ਇਕ ਚਰਚਾ ਪ੍ਰੋਗਰਾਮ ’ਚ ਹਿੱਸਾ ਲੈਂਦੇ ਹੋਏ ਕਿਹਾ, ‘‘ਸਾਡੀ ਬਾਹਰੀ ਅਤੇ ਅੰਦਰੂਨੀ ਨੀਤੀ ਸਪਸ਼ਟ ਹੈ। ਅਸੀਂ ਦੂਜੇ ਦੇਸ਼ਾਂ ਨਾਲ ਦੋਸਤਾਨਾ ਸਬੰਧ ਚਾਹੁੰਦੇ ਹਾਂ ਪਰ ਦੇਸ਼ ਦੀਆਂ ਸਰਹੱਦਾਂ ਅਤੇ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।’’ ਸ਼ਾਹ ਨੇ ਕਿਹਾ ਕਿ ਦੂਜੇ ਦੇਸ਼ਾਂ ਨੇ ਸਰਕਾਰ ਦੀ ਇਸ ਨੀਤੀ ਦਾ ਸਨਮਾਨ ਕੀਤਾ ਹੈ।