ਟਰੇਨ ਤੋਂ ਡਿੱਗੇ ਨੌਜਵਾਨ ਦੀ ਟੀ.ਟੀ.ਈ. ਨੇ ਇਸ ਤਰ੍ਹਾਂ ਬਚਾਈ ਜਾਨ (ਵੀਡੀਓ)
Sunday, Feb 18, 2018 - 05:55 PM (IST)
ਮੁੰਬਈ— ਲਾਪਰਵਾਹੀ ਅਤੇ ਜਲਦਬਾਜ਼ੀ ਕਾਰਨ ਰੇਲ ਯਾਤਰਾ ਦੇ ਸਮੇਂ ਹਮੇਸ਼ਾ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਹਨ, ਜਿਨ੍ਹਾਂ ਨਾਲ ਲੋਕਾਂ ਦੀ ਜਾਨ ਤੱਕ ਚੱਲੀ ਜਾਂਦੀ ਹੈ। ਅਜਿਹਾ ਹੀ ਇਕ ਹਾਦਸਾ ਮੁੰਬਈ ਦੇ ਕਲਿਆਣ ਰੇਲਵੇ ਸਟੇਸ਼ਨ 'ਤੇ ਵੀ ਹੋਣ ਵਾਲਾ ਸੀ ਪਰ ਉੱਥੇ ਮੌਜੂਦ ਟੀ.ਟੀ.ਈ. ਦੀ ਫੁਰਤੀ ਅਤੇ ਬਹਾਦਰੀ ਕਾਰਨ 20 ਸਾਲ ਦੇ ਨੌਜਵਾਨ ਦੀ ਜਾਨ ਬਚ ਗਈ। ਟੀ.ਟੀ.ਈ. ਦੀ ਬਹਾਦਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਟੀ.ਟੀ.ਈ. ਦੀ ਹਿੰਮਤ ਦੀ ਜੰਮ ਕੇ ਸ਼ਲਾਘਾ ਕਰ ਰਹੇ ਹਨ। ਦਰਅਸਲ ਸ਼ੁੱਕਰਵਾਰ ਦੀ ਸਵੇਰ ਲਗਭਗ 9.40 ਵਜੇ ਪੁਸ਼ਪਕ ਐਕਸਪ੍ਰੈੱਸ ਕਲਿਆਣ ਦੇ ਪਲੇਟਫਾਰਮ ਨੰਬਰ 4 ਤੋਂ ਲੰਘ ਰਹੀ ਸੀ। ਪੂਰੀ ਤਰ੍ਹਾਂ ਭਰੀ ਟਰੇਨ 'ਚ ਇਕ ਨੌਜਵਾਨ ਗੇਟ 'ਤੇ ਹੀ ਖੜ੍ਹਾ ਸੀ ਪਰ ਜਦੋਂ ਟਰੇਨ ਚੱਲਣ ਲੱਗੀ ਤਾਂ ਉਸ ਦਾ ਸੰਤੁਲਨ ਵਿਗੜ ਗਿਆ। ਨੌਜਵਾਨ ਡਿੱਗਣ ਹੀ ਵਾਲਾ ਹੁੰਦਾ ਹੈ ਕਿ ਚੀਫ ਟਿਕਟ ਇੰਸਪੈਕਟਰ ਸ਼ਸ਼ੀਕਾਂਤ ਚਾਵਨ ਸੰਦੀਪ ਸੋਨਕਰ ਨਾਮੀ ਉਸ ਨੌਜਵਾਨ ਨੂੰ ਸੰਭਾਲ ਕੇ ਪਲੇਟਫਾਰਮ 'ਤੇ ਖਿੱਚ ਲੈਂਦੇ ਹਨ। ਇਸ ਤੋਂ ਬਾਅਦ ਨੇੜੇ-ਤੇੜੇ ਦੇ ਲੋਕ ਵੀ ਮਦਦ ਲਈ ਆ ਜਾਂਦੇ ਹਨ।
#WATCH Chief Ticket Inspector Shashikant Chavan saved a passenger who tried to board a moving Pushpak Express train at Kalyan station #Maharashtra pic.twitter.com/f9d52Vn5mu
— ANI (@ANI) February 17, 2018
ਸ਼ਸ਼ੀਕਾਂਤ ਦੀ ਇਸ ਫੁਰਤੀ ਨਾਲ ਰੇਲਵੇ ਵੀ ਕਾਫੀ ਉਤਸ਼ਾਹਤ ਹੈ। ਸੈਂਟਰਲ ਰੇਲਵੇ ਦੇ ਸੀ.ਪੀ.ਆਰ.ਓ. ਸੰਦੀਪ ਉਦਾਸੀ ਨੇ ਕਿਹਾ,''ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਦੂਜਿਆਂ ਦੀ ਮਦਦ ਕਰਨ ਵਾਲੇ ਸ਼ਸ਼ੀਕਾਂਤ ਵਰਗੇ ਲੋਕਾਂ ਕਾਰਨ ਰੇਲ ਵਿਭਾਗ ਮਾਣ ਮਹਿਸੂਸ ਕਰਦਾ ਹੈ।'' ਉਨ੍ਹਾਂ ਨੇ ਕਿਹਾ ਕਿ ਵਿਭਾਗ ਇਸ ਲਈ ਸ਼ਸ਼ੀਕਾਂਤ ਨੂੰ ਜਲਦ ਹੀ ਸਨਮਾਨਤ ਕਰੇਗਾ।