ਐੱਸ. ਸੀ./ਐੱਸ. ਟੀ. ਐਕਟ, ਰਿਜ਼ਰਵੇਸ਼ਨ ਭਾਜਪਾ ਦੇ ਸੱਤਾ ''ਚ ਰਹਿਣ ਤੱਕ ਬਣੀ ਰਹੇਗੀ : ਸ਼ਾਹ
Monday, Jun 11, 2018 - 05:04 AM (IST)

ਅੰਬਿਕਾਪੁਰ—ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿਚ ਰਹਿਣ ਤਕ ਐੱਸ. ਸੀ./ਐੱਸ. ਟੀ. ਐਕਟ ਅਤੇ ਨੌਕਰੀਆਂ ਵਿਚ ਰਿਜ਼ਰਵੇਸ਼ਨ ਦੀ ਵਿਵਸਥਾ ਲਾਗੂ ਰਹੇਗੀ। ਸ਼ਾਹ ਨੇ ਕਿਹਾ ਕਿ ਚੋਣ ਮੌਸਮ ਜਲਦੀ ਸ਼ੁਰੂ ਹੋਵੇਗਾ ਅਤੇ ਕਾਂਗਰਸ ਨਰਿੰਦਰ ਮੋਦੀ ਸਰਕਾਰ ਸੰੰਬੰਧੀ ਝੂਠ ਬੋਲਣ ਵਾਲਿਆਂ ਲਈ ਇਸ ਮੌਕੇ ਦੀ ਵਰਤੋਂ ਕਰੇਗੀ।
ਉਨ੍ਹਾਂ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰੇਗੀ ਕਿ ਰਾਜਗ ਸਰਕਾਰ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਅਤਿਆਚਾਰ ਰੋਕਥਾਮ) ਐਕਟ ਅਤੇ ਸਮਾਜ ਦੇ ਪੱਛੜੇ ਵਰਗਾਂ ਲਈ ਨੌਕਰੀਆਂ ਤੇ ਵਿਦਿਅਕ ਅਦਾਰਿਆਂ ਵਿਚ ਰਿਜ਼ਰਵੇਸ਼ਨ ਨੂੰ ਖਤਮ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਮੈਂ ਸਪੱਸ਼ਟ ਰੂਪ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਐੱਸ. ਸੀ./ਐੱਸ. ਟੀ. ਐਕਟ ਅਤੇ ਰਿਜ਼ਰਵੇਸ਼ਨ ਉਦੋਂ ਤਕ ਲਾਗੂ ਰਹੇਗੀ ਜਦੋਂ ਤਕ ਭਾਜਪਾ ਸਰਕਾਰ ਸੱਤਾ ਵਿਚ ਰਹੇਗੀ।