ਦਿਆਲ ਸਿੰਘ ਕਾਲਜ ਦਾ ਨਾਂ ਨਹੀਂ ਬਦਲਣਾ ਚਾਹੀਦਾ : ਸ਼ਾਸਤਰੀ

Sunday, Nov 26, 2017 - 10:30 AM (IST)

ਦਿਆਲ ਸਿੰਘ ਕਾਲਜ ਦਾ ਨਾਂ ਨਹੀਂ ਬਦਲਣਾ ਚਾਹੀਦਾ : ਸ਼ਾਸਤਰੀ

 ਨਵੀਂ ਦਿੱਲੀ/ਜਲੰਧਰ — ਰਾਸ਼ਟਰੀ ਸਿੱਖ ਸੰਗਤ ਦੇ ਕੇਂਦਰੀ ਅਹੁਦੇਦਾਰ ਅਤੇ ਦਿਆਲ ਸਿੰਘ ਕਾਲਜ ਲੋਧੀ ਰੋਡ ਦੇ ਪ੍ਰਿੰਸੀਪਲ  ਪਵਨ ਸ਼ਰਮਾ ਤੇ ਪ੍ਰਬੰਧਕ ਕਮੇਟੀ ਨਾਲ ਦਿਆਲ ਸਿੰਘ ਕਾਲਜ ਕੈਂਪਸ 'ਚ ਇਕ ਵਿਚਾਰ-ਵਟਾਂਦਰਾ ਹੋਇਆ। ਸਭ ਤੋਂ ਪਹਿਲਾਂ ਸ. ਦਿਆਲ ਸਿੰਘ ਵਲੋਂ ਦੇਸ਼ ਪ੍ਰਤੀ ਪਾਏ ਗਏ ਬੇਮਿਸਾਲ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸ. ਦਿਆਲ ਸਿੰਘ ਇਕ ਅਜਿਹੇ ਮਹਾਨ ਦੇਸ਼ ਭਗਤ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ 'ਚ ਭਾਰਤ ਨੂੰ ਬਹੁਤ ਸਾਰੀਆਂ ਸੰਸਥਾਵਾਂ ਬਣਾ ਕੇ ਦਿੱਤੀਆਂ। ਇਨ੍ਹਾਂ 'ਚ ਦਿਆਲ ਸਿੰਘ ਕਾਲਜ, ਦਿਆਲ ਸਿੰਘ ਲਾਇਬ੍ਰੇਰੀ, ਕਈ ਸਕੂਲ, ਕਾਲਜ, ਯੂਨੀਵਰਸਿਟੀਆਂ, ਹਸਪਤਾਲ, ਪੰਜਾਬ ਨੈਸ਼ਨਲ ਬੈਂਕ, ਅੰਗਰੇਜ਼ੀ ਦੀ ਰੋਜ਼ਾਨਾ ਅਖਬਾਰ 'ਦਿ ਟ੍ਰਿਬਿਊਨ' ਅਤੇ ਆਪਣੀ ਨਿੱਜੀ ਜਾਇਦਾਦ ਦਾ ਬਹੁਤ ਵੱਡਾ ਹਿੱਸਾ ਦਾਨ ਵਜੋਂ ਰਾਸ਼ਟਰ ਨੂੰ ਸਮਰਪਿਤ ਕੀਤਾ। ਅਜਿਹੇ ਮਹਾਨ ਵਿਅਕਤੀ ਅਤੇ ਰਾਸ਼ਟਰਵਾਦੀ ਦੀ ਮਹਾਨ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਸਾਡਾ ਪਰਮ ਫਰਜ਼ ਹੈ। ਇਹ ਇਕ ਅਜਿਹਾ ਅਦਾਰਾ ਹੈ ਜਿਸ ਨਾਲ ਪੂਰੇ ਸਿੱਖ ਸਮਾਜ ਦੇ ਨਾਲ-ਨਾਲ ਹੋਰਨਾ ਵਰਗਾਂ ਦੀਆਂ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ।
ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਇਸ ਸਬੰਧੀ ਦੱਸਿਆ ਕਿ ਉਪਰੋਕਤ ਗੱਲਾਂ ਦੀ ਨਾਜ਼ੁਕਤਾ ਨੂੰ ਧਿਆਨ 'ਚ ਰੱਖ ਕੇ ਸਭ ਦੀ ਇਹ ਸਹਿਮਤੀ ਹੋਈ ਕਿ ਕਾਲਜ ਦਾ ਜੋ ਨਾਂ ਹੈ, ਉਸ ਨੂੰ ਜਿਉਂ ਦੀ ਤਿਉਂ ਭਾਵ ਦਿਆਲ ਸਿੰਘ ਕਾਲਜ ਹੀ ਰੱਖਿਆ ਜਾਵੇ। ਇਸਦਾ ਨਾਂ ਨਹੀਂ ਬਦਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਇਸ ਨੂੰ ਸਿਆਸੀ ਰੰਗਤ ਦੇ ਕੇ ਆਪਸੀ ਭਾਈਚਾਰੇ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਸਭ ਮਿਲ ਬੈਠ ਕੇ ਸਭ ਗੱਲਾਂ ਨੂੰ ਠੀਕ ਕਰਨ। ਕਿਸੇ ਵੀ ਤਰ੍ਹਾਂ ਦੇ ਭੜਕਾਊ ਬਿਆਨ ਜੋ ਫਿਰਕੂ ਸਦਭਾਵਨਾ ਲਈ ਖਤਰਾ ਪੈਦਾ ਕਰਦੇ ਹਨ, ਨਹੀਂ ਦਿੱਤੇ ਜਾਣੇ ਚਾਹੀਦੇ।


Related News