2040 ਤੱਕ ਭਾਰਤੀਆਂ ਦੇ ਪੈਰਾਂ ਹੇਠ ਹੋਵੇਗਾ ਚੰਨ
Tuesday, Sep 24, 2024 - 10:21 AM (IST)
ਨਵੀਂ ਦਿੱਲੀ (ਏਜੰਸੀ)- ਜੇਕਰ ਸਭ ਕੁਝ ਤੈਅ ਸਮੇਂ ਮੁਤਾਬਕ ਚੱਲਦਾ ਰਿਹਾ ਤਾਂ 2040 ਤੱਕ ਚੰਨ ਭਾਰਤੀਆਂ ਦੇ ਪੈਰਾਂ ਹੇਠ ਹੋਵੇਗਾ। ਫਿਲਹਾਲ ਭਾਰਤ ਚੰਦਰਯਾਨ-4 ਮਿਸ਼ਨ ਦੀ ਤਿਆਰੀ ’ਚ ਰੁੱਝਿਆ ਹੋਇਆ ਹੈ। ਇਸ ਨੂੰ ਭਾਰਤ ਵੱਲੋਂ 2040 ਤੱਕ ਚੰਨ ’ਤੇ ਮਨੁੱਖਾਂ ਨੂੰ ਉਤਾਰਨ ਦੇ ਟੀਚੇ ਵਜੋਂ ਦੇਖਿਆ ਜਾ ਰਿਹਾ ਹੈ। ਸਰਕਾਰ ਨੇ ਚੰਦਰਯਾਨ-4 ਯੋਜਨਾ ਲਈ 2104 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ।
ਵਧ ਗੁੰਝਲਦਾਰ ਮਿਸ਼ਨ
ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਚੰਦਰਯਾਨ-4 ਮਿਸ਼ਨ ਨੂੰ ਚੰਦਰਯਾਨ-3 ਤੋਂ ਜ਼ਿਆਦਾ ਗੁੰਝਲਦਾਰ ਦੱਸਿਆ ਹੈ। ਉਹ ਕਹਿੰਦੇ ਹਨ ਕਿ ਅਗਲਾ ਕਦਮ ਚੰਨ ’ਤੇ ਪਹੁੰਚਣਾ ਅਤੇ ਉਥੋਂ ਵਾਪਸ ਆਉਣਾ ਹੈ। ਇਸ ਪ੍ਰੋਗਰਾਮ ’ਚ ਚੰਦਰਯਾਨ-3 ਨਾਲੋਂ ਜ਼ਿਆਦਾ ਗੁੰਝਲਾਂ ਜੁੜੀਆਂ ਹੋਈਆਂ ਹਨ। ਵਿਗਿਆਨ ਪ੍ਰਸਾਰ ਸੰਗਠਨ ਦੇ ਸੀਨੀਅਰ ਵਿਗਿਆਨੀ ਟੀ.ਵੀ. ਵੈਂਕਟੇਸ਼ਵਰਨ ਦਾ ਕਹਿਣਾ ਹੈ ਕਿ ਚੰਦਰਯਾਨ-4 ’ਚ ਅਸੀਂ ਵਿਸਤ੍ਰਿਤ ਅਧਿਐਨ ਲਈ ਚੰਨ ਦੀ ਮਿੱਟੀ ਅਤੇ ਚੱਟਾਨਾਂ ਦੇ ਨਮੂਨੇ ਇਕੱਠੇ ਕਰਾਂਗੇ।
ਚੰਨ ਦੇ ਨਮੂਨੇ ਸਾਂਝੇ ਕਰਨੇ ਜ਼ਰੂਰੀ
1967 ਦੀ ਅੰਤਰਰਾਸ਼ਟਰੀ ਚੰਦਰਮਾ ਸੰਧੀ ਅਨੁਸਾਰ ਕੋਈ ਵੀ ਦੇਸ਼ ਚੰਦ ਦੀ ਮਲਕੀਅਤ ਦਾ ਦਾਅਵਾ ਨਹੀਂ ਕਰ ਸਕਦਾ। ਅਜਿਹੀ ਸਥਿਤੀ ’ਚ ਚੰਨ ਤੋਂ ਲਿਆਂਦੇ ਗਏ ਨਮੂਨਿਆਂ ਨੂੰ ਉਨ੍ਹਾਂ ਦੇਸ਼ਾਂ ’ਚ ਸਾਂਝਾ ਕੀਤਾ ਜਾਣਾ ਚਾਹੀਦਾ ਹੈ, ਜੋ ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਦੇ ਸਮਰੱਥ ਹਨ। ਇਸ ਲਈ ਬਿਹਤਰ ਹੈ ਕਿ ਭਾਰਤ ਵੀ ਇਸ ਦੀ ਮਿੱਟੀ ਅਤੇ ਚੱਟਾਨਾਂ ਦੇ ਨਮੂਨੇ ਇਕੱਠੇ ਕਰੇ।
ਹੁਣ ਤੱਕ ਸਿਰਫ਼ 3 ਦੇਸ਼ ਹੀ ਸੈਂਪਲ ਲੈ ਕੇ ਆਏ ਹਨ
1969 ’ਚ ਅਮਰੀਕਾ ਨੇ ਪਹਿਲੀ ਵਾਰ ਮਨੁੱਖੀ ਮਿਸ਼ਨ ਰਾਹੀਂ ਚੰਦ ਤੋਂ ਨਮੂਨੇ ਲਿਆਂਦੇ। ਅਪੋਲੋ ਮਿਸ਼ਨ ਰਾਹੀਂ ਉਹ 1972 ਤੱਕ ਕਈ ਵਾਰ ਚੰਨ ਦੇ ਨਮੂਨੇ ਲੈ ਕੇ ਆਇਆ। 1970 ’ਚ ਰੂਸ ਨੇ ਲੂਨਾ ਮਿਸ਼ਨ ਰਾਹੀਂ ਚੰਨ ਤੋਂ ਨਮੂਨੇ ਲਿਆਉਣ ਲਈ ਰੋਬੋਟ ਦੀ ਵਰਤੋਂ ਕੀਤੀ। ਸਾਲ 2020 ’ਚ ਚੀਨ ਨੇ ਚਾਂਗਈ-5 ਮਿਸ਼ਨ ਰਾਹੀਂ ਚੰਨ ਤੋਂ ਮਿੱਟੀ ਦੇ ਨਮੂਨੇ ਇਕੱਠੇ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8