ਹਿਮਾਚਲ ਪ੍ਰਦੇਸ਼ : ਮੌਸਮ ਵਿਭਾਗ ਨੇ 6 ਮਈ ਤੱਕ ਮੀਂਹ ਦਾ ''ਯੈਲੋ'' ਅਲਰਟ ਕੀਤਾ ਜਾਰੀ
Tuesday, May 02, 2023 - 05:49 PM (IST)
ਸ਼ਿਮਲਾ (ਭਾਸ਼ਾ)- ਮੌਸਮ ਵਿਭਾਗ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ਸਮੇਤ ਹੇਠਲੇ ਅਤੇ ਮੱਧ ਉੱਚਾਈ ਵਾਲੇ ਪਰਬਤੀ ਖੇਤਰਾਂ 'ਚ ਵੱਖ-ਵੱਖ ਥਾਵਾਂ 'ਤੇ 6 ਮਈ ਤੱਕ ਮੀਂਹ ਪੈਣ ਅਤੇ ਆਕਾਸ਼ 'ਚ ਬਿਜਲੀ ਚਮਕਣ ਦੀ ਭਵਿੱਖਬਾਣੀ ਜ਼ਾਹਰ ਕਰਦੇ ਹੋਏ 'ਯੈਲੋ ਅਲਰਟ' ਜਾਰੀ ਕੀਤਾ ਹੈ। ਵਿਭਾਗ ਅਨੁਸਾਰ, ਰਾਜ ਦੇ ਸਾਰੇ 12 ਜ਼ਿਲ੍ਹਿਆਂ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਮੱਧਮ ਪੱਧਰ ਦਾ ਮੀਂਹ ਜਾਰੀ ਹੈ। ਵਿਭਾਗ ਨੇ ਦੱਸਿਆ ਕਿ ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ 'ਚ ਸਭ ਤੋਂ ਵੱਧ 47 ਮਿਲੀਮੀਟਰ, ਮਨਾਲੀ 'ਚ 24 ਮਿਲੀਮੀਟਰ, ਪਚਛਾਦ 'ਚ 23 ਮਿਲੀਮੀਟਰ, ਸੋਲਨ 'ਚ 11.2 ਮਿਲੀਮੀਟਰ ਅਤੇ ਸ਼ਿਮਲਾ 'ਚ 8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਸੂਬੇ 'ਚ 17 ਸੜਕਾਂ 'ਤੇ ਆਵਾਜਾਈ ਬੰਦ ਹੈ। ਵਿਭਾਗ ਅਨੁਸਾਰ, ਸੋਲਨ ਜ਼ਿਲ੍ਹੇ 'ਚ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਮੰਗਲਵਾਰ ਤੜਕੇ ਸਬਥੂ ਖੇਤਰ 'ਚ ਮੰਜੂ ਆਰੀਆ ਇਲਾਕੇ 'ਚ ਪੱਥਰ ਡਿੱਗਣ ਨਾਲ ਇਕ ਘਰ ਨੁਕਸਾਨਿਆ ਗਿਆ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਉੱਥੇ ਹੀ ਪੁਲਸ ਨੇ ਦੱਸਿਆ ਕਿ ਇਕ ਹੋਰ ਘਟਨਾ 'ਚ ਸ਼ਿਮਲਾ ਜ਼ਿਲ੍ਹੇ ਦੇ ਕੁਮਾਰਸੈਨ ਵਾਸੀ ਉਮੇਸ਼ਵਰ ਦੇ ਸਤਲੁਜ ਨਦੀ 'ਚ ਡੁੱਬਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਐੱਨ.ਡੀ.ਆਰ.ਐੱਫ. ਦੀ ਟੀਮ ਅਤੇ ਸਥਾਨਕ ਪੁਲਸ ਉਨ੍ਹਾਂ ਦੀ ਭਾਲ 'ਚ ਜੁਟੀ ਹੈ।