ਸਚਖੰਡ ਸ੍ਰੀ ਦਰਬਾਰ ਸਾਹਿਬ ਨੇੜੇ ਹੋ ਰਹੇ ਧਮਾਕੇ ਚਿੰਤਾਜਨਕ, ਪੰਜਾਬ ਸਰਕਾਰ ਤੁਰੰਤ ਸਾਜਿਸ਼ ਨੂੰ ਬੇਨਕਾਬ ਕਰੇ: ਜਥੇ. ਦਾਦੂਵਾਲ
Friday, May 12, 2023 - 02:27 PM (IST)

ਸਿਰਸਾ- ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਇੱਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕੇ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੇੜੇ ਲਗਾਤਾਰ ਹੋ ਰਹੇ ਬੰਬ ਧਮਾਕੇ ਚਿੰਤਾਜਨਕ ਹਨ। ਇਸ ਦੇ ਨਾਲ ਸੰਸਾਰ ਭਰ ਵਿਚ ਵਸਦੀਆਂ ਸਿੱਖ ਸੰਗਤਾਂ ਦੇ ਮਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਹ ਧਮਾਕੇ ਕਿਸੇ ਵੱਡੀ ਸਾਜ਼ਿਸ਼ ਦਾ ਨਤੀਜਾ ਲੱਗਦੇ ਹਨ। ਸਿੱਖ ਵਿਰੋਧੀ ਸਾਜ਼ਿਸ਼ਾਂ ਰਚਣ ਵਾਲੇ ਚਾਹੁੰਦੇ ਹਨ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਨੂੰ ਘਟਾਇਆ ਜਾਵੇ ਪਰ ਇਸ ਸਾਜਿਸ਼ ਵਿਚ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ, ਕਿਉਂਕਿ ਸੰਗਤਾਂ ਦੇ ਮਨਾਂ ਵਿਚ ਸਚਖੰਡ ਸ੍ਰੀ ਦਰਬਾਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਹੈ।
ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਵਸਦਾ ਹਰ ਸਿੱਖ ਅਰਦਾਸ ਵਿਚ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਮੰਗਦਾ ਹੈ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧਮਾਕਿਆਂ ਦੀ ਇਸ ਸਾਜ਼ਿਸ਼ ਨੂੰ ਬੇਨਕਾਬ ਕਰੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅਜਿਹੇ ਲੋਕਾਂ ਵਲੋਂ ਬਣਾਇਆ ਜਾ ਰਿਹਾ ਦਹਿਸ਼ਤ ਦਾ ਮਾਹੌਲ ਖ਼ਤਮ ਕੀਤਾ ਜਾ ਸਕੇ।