ਸਿੱਖਿਆ ਵਿਭਾਗ ਇਨ੍ਹਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏਗਾ ਸਾਈਕਲ

Saturday, Feb 24, 2018 - 03:29 PM (IST)

ਚੰਡੀਗੜ੍ਹ — ਸਿੱਖਿਆ ਵਿਭਾਗ ਹਰਿਆਣਾ ਨੇ ਸੂਬੇ ਦੇ ਐੱਸ.ਸੀ. ਵਿਦਿਆਰਥੀਆਂ ਨੂੰ ਸਾਈਕਲਾਂ ਮੁਹੱਈਆ ਕਰਵਾਉਣ ਲਈ ਸਾਈਕਲ ਮੇਲਾ ਲਗਾਉਣ ਦਾ ਫੈਸਲਾ ਕੀਤਾ ਹੈ। ਸਾਈਕਲਾਂ 6ਵੀਂ,9ਵੀਂ ਅਤੇ 11ਵੀਂ ਦੇ ਐੱਸ.ਸੀ. ਦੇ ਉਨ੍ਹਾਂ ਵਿਦਿਆਰਥੀਆਂ ਨੂੰ ਮਿਲਣਗੀਆਂ ਜੋ ਕਿ 2 ਕਿਲੋਮੀਟਰ ਤੋਂ ਵਧ ਦੀ ਦੂਰੀ ਤੈਅ ਕਰਕੇ ਸਕੂਲ ਜਾਂਦੇ ਹਨ। ਸਾਈਕਲ ਮੇਲਾ ਹਰ ਜ਼ਿਲੇ 'ਚ 4,5,6 ਮਾਰਚ ਤੱਕ ਲਗਾਇਆ ਜਾਵੇਗਾ। ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਦਾ ਕਹਿਣਾ ਹੈ ਕਿ ਸਾਈਕਲ ਮੇਲੇ ਵਿਚ ਵਿਦਿਆਰਥੀਆਂ ਨੂੰ ਘੱਟ ਸਮੇਂ 'ਚ ਘੱਟ ਲਾਗਤ ਨਾਲ ਵਧੀਆ ਕੁਆਲਿਟੀ ਦੀ ਮਨਪਸੰਦ ਸਾਈਕਲ ਮਿਲੇਗੀ।
ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਜਿਹੜਾ ਵੀ ਸਾਈਕਲ ਖਰੀਦਦਾ ਹੈ, ਜੇਕਰ ਉਸਦੀ ਲਾਗਤ ਵਿਭਾਗ ਵਲੋਂ ਤੈਅ ਪ੍ਰਤੀਸ਼ਤ ਤੋਂ ਵਧ ਹੈ ਤਾਂ ਉਸ ਸਥਿਤੀ 'ਚ ਵਾਧੂ ਲਾਗਤ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਅਦਾ ਕੀਤੀ ਜਾਵੇਗੀ। 20 ਇੰਚ ਦੀ ਸਾਈਕਲ ਲਈ 2525 ਰੁਪਏ ਅਤੇ 22 ਇੰਚ ਦੇ ਸਾਈਕਲ ਲਈ 2775 ਰੁਪਏ ਨਿਰਧਾਰਤ ਕੀਤੇ ਗਏ ਹਨ। ਸਿੱਖਿਆ ਵਿਭਾਗ ਨੇ ਸਾਈਕਲ ਮੇਲਾ ਲਗਾਉਣ ਸਬੰਧੀ ਦਿਸ਼ਾ -ਨਿਰਦੇਸ਼ ਸ਼ੁੱਕਰਵਾਰ ਨੂੰ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੇ ਹਨ। 26 ਫਰਵਰੀ ਨੂੰ ਹੈਡਕੁਆਟਰ ਦੇ ਅਧਿਕਾਰੀ, ਸਾਰੇ ਡੀ.ਈ.ਓ. ਅਤੇ ਸਕੂਲ ਮੁਖੀ ਆਪਸ 'ਚ ਵੀਡੀਓ ਕਾਨਫਰੈਂਸ ਕਰਨਗੇ। ਇਸ ਸਾਈਕਲ ਮੇਲੇ 'ਚ ਵਿਦਿਆਰਥੀ ਆਪਣੇ ਸਕੂਲ ਦੇ ਮੁਖੀ, ਐੱਸ.ਐੱਮ.ਸੀ. ਪ੍ਰਧਾਨ ਅਤੇ ਮਾਪਿਆਂ ਦੇ ਨਾਲ ਸਾਈਕਲ ਖਰੀਦਣ ਲਈ ਜਾਣਗੇ।
ਵਿਦਿਆਰਥੀ ਆਪਣੀ ਪਸੰਦ ਦੀ ਸਾਈਕਲ ਦੀ ਚੋਣ ਕਰਨਗੇ। ਸਾਈਕਲ ਵਪਾਰੀ ਵਿਦਿਆਰਥੀਆਂ ਕੋਲੋਂ ਪਰਫਾਰਮਾ ਭਰਵਾਉਣਗੇ। ਇਸ 'ਚ ਬੱਚਿਆਂ ਦੇ ਹਸਤਾਖ਼ਰ, ਸਕੂਲ ਮੁਖੀ ਦੇ ਨਾਲ ਐੱਸ.ਐੱਮ.ਸੀ. ਪ੍ਰਧਾਨ ਅਤੇ ਮੈਂਬਰਾਂ ਦੇ ਵੀ ਹਸਤਾਖ਼ਰ ਕਰਵਾਏ ਜਾਣਗੇ। ਸਾਈਕਲ ਉਪਲੱਬਧ ਹੁੰਦੇ ਹੀ ਸਕੂਲ ਮੁਖੀ ਵਿਦਿਆਰਥੀ ਦੇ ਬੈਂਕ ਖਾਤੇ ਵਿਚ ਰਾਸ਼ੀ ਜਾਰੀ ਕਰੇਗਾ। ਵਿਦਿਆਰਥੀ ਸਾਈਕਲ ਪ੍ਰਾਪਤੀ ਅਤੇ ਬੈਂਕ ਖਾਤੇ 'ਚ ਰਾਸ਼ੀ ਪ੍ਰਾਪਤੀ ਦੇ 3 ਦਿਨ ਅੰਦਰ ਸਕੂਲ ਮੁਖੀ ਦੇ ਧਿਆਨ ਹਿੱਤ ਲਿਆ ਕੇ ਰਾਸ਼ੀ ਸਬੰਧਿਤ ਫਰਮ ਦਾ ਭੁਗਤਾਨ ਕਰੇਗਾ।


Related News