ਭਾਰਤ ''ਚ ਮਿਲਦੇ ਹਨ ਦੁਨੀਆ ਭਰ ਤੋਂ ਸਭ ਤੋਂ ਸਸਤੇ ਪੈਟਰੋਲਿਅਮ ਪਦਾਰਥ : ਪੁਰੀ

Monday, Jul 29, 2024 - 03:00 PM (IST)

ਭਾਰਤ ''ਚ ਮਿਲਦੇ ਹਨ ਦੁਨੀਆ ਭਰ ਤੋਂ ਸਭ ਤੋਂ ਸਸਤੇ ਪੈਟਰੋਲਿਅਮ ਪਦਾਰਥ : ਪੁਰੀ

ਨਵੀਂ ਦਿੱਲੀ :  ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ ਭਾਰਤ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਹਨ। ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਪੁਰੀ ਨੇ ਅੰਤਰਰਾਸ਼ਟਰੀ ਅਤੇ ਘਰੇਲੂ ਪੱਧਰ 'ਤੇ ਤੇਲ ਦੀਆਂ ਕੀਮਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਰੋਨਾ ਦੌਰਾਨ ਮੰਗ ਦੀ ਕਮੀ ਕਾਰਨ ਤੇਲ ਦੀ ਕੀਮਤ 19 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਈ ਸੀ। ਪਰ ਇਸ ਤੋਂ ਬਾਅਦ ਮੰਗ ਵਧਣ ਨਾਲ ਇਹ 128 ਡਾਲਰ ਪ੍ਰਤੀ ਬੈਰਲ ਹੋ ਗਈ। ਇਸ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਨੂੰ 28 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚੋਂ 22 ਹਜ਼ਾਰ ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ ਅਤੇ ਬਾਕੀ ਰਕਮ ਤੇਲ ਦੀਆਂ ਵਧੀਆਂ ਕੀਮਤਾਂ ਤੋਂ ਅਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਪ੍ਰਸ਼ਾਸਨਿਕ ਕੰਟਰੋਲ ਤੋਂ ਮੁਕਤ ਕਰ ਕੇ ਉਨ੍ਹਾਂ ਨੂੰ ਬਾਜ਼ਾਰ ਆਧਾਰਿਤ ਕਰ ਦਿੱਤਾ ਸੀ, ਜਿਸ ਕਾਰਨ ਹੁਣ ਇਨ੍ਹਾਂ ਦੀਆਂ ਕੀਮਤਾਂ ਦਾ ਫੈਸਲਾ ਬਾਜ਼ਾਰ ਵਲੋਂ ਕੀਤਾ ਜਾਂਦਾ ਹੈ।

ਮੋਦੀ ਸਰਕਾਰ ਨੇ ਦੋ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਹਨ ਅਤੇ ਹੁਣ ਜੋ ਮੌਜੂਦਾ ਕੀਮਤ ਹੈ, ਉਹ ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਮੁਕਾਬਲੇ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਪੰਪ ਮਾਲਕ ਦੇ ਮਾਰਜਿਨ, ਢੋਆ-ਢੁਆਈ ਦੀ ਲਾਗਤ, ਰਿਫਾਇਨਰੀ ਲਾਗਤ ਆਦਿ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਯੂ. ਪੀ. ਏ. ਦੇ ਕਾਰਜਕਾਲ ਦੌਰਾਨ ਤੇਲ ਦੀਆਂ ਕੀਮਤਾਂ ਨੂੰ ਘੱਟ ਰੱਖਣ ਲਈ 1.40 ਲੱਖ ਕਰੋੜ ਰੁਪਏ ਤੋਂ ਵੱਧ ਦੇ ਤੇਲ ਬਾਂਡ ਜਾਰੀ ਕੀਤੇ ਗਏ ਸਨ ਅਤੇ ਉਸ 'ਤੇ ਤੇਲ ਸਬਸਿਡੀ ਦਿੱਤੀ ਗਈ ਸੀ। ਯੂ. ਪੀ. ਏ. ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਤੇਲ ਬਾਂਡ ਦਾ ਭੁਗਤਾਨ ਮੋਦੀ ਸਰਕਾਰ ਕਰ ਰਹੀ ਹੈ ਅਤੇ ਹੁਣ ਤੱਕ 3.50 ਲੱਖ ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਇਹੀ ਕਹਾਵਤ ਹੈ ਕਿ 'ਦਾਦਾ ਲਵੇ ਤੇ ਪੋਤਾ ਭਰੇ।'

ਪੁਰੀ ਨੇ ਕਿਹਾ ਕਿ ਦੇਸ਼ ਦੇ ਪੈਟਰੋਲ ਪੰਪ ਮਾਲਕਾਂ ਨੂੰ 2017 ਵਿੱਚ ਦਿੱਤਾ ਗਿਆ ਮਾਰਜਿਨ ਵਧਾ ਦਿੱਤਾ ਗਿਆ ਸੀ ਪਰ ਪੰਪ ਮਾਲਕ ਅਦਾਲਤ ਵਿੱਚ ਚਲੇ ਗਏ ਅਤੇ ਮਾਮਲਾ ਅਟਕ ਗਿਆ। ਇਸ ਵਿੱਚ ਮੁੜ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਜਨਤਕ ਖੇਤਰ ਦੀਆਂ ਤੇਲ ਵੰਡ ਕੰਪਨੀਆਂ ਦੇ ਪੰਪ ਮਾਲਕਾਂ ਨੂੰ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲੋਂ ਵੱਧ ਮਾਰਜਿਨ ਦਿੱਤਾ ਜਾ ਰਿਹਾ ਹੈ। ਇੱਕ ਹੋਰ ਸਪਲੀਮੈਂਟਰੀ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਡੀਜ਼ਲ ਦੇ ਨਾਲ ਈਥਾਨੌਲ ਦੀ ਮਿਲਾਵਟ ਦੀ ਜਾਂਚ ਚੱਲ ਰਹੀ ਹੈ ਅਤੇ ਜਦ ਤਕ ਇਸਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਮੰਨ ਲਿਆ ਜਾਂਦਾ ਉਸ ਵੇਲੇ ਤਕ ਇਸਦਾ ਇਸਤੇਮਾਲ ਵਪਾਰਕ ਪੱਧਰ 'ਤੇ ਸ਼ੁਰੂ ਨਹੀਂ ਕੀਤਾ ਜਾਵੇਗਾ। 

ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਇੱਕ ਸਪਲੀਮੈਂਟਰੀ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੰਦਿਆਂ ਪੁਰੀ ਨੇ ਦੱਸਿਆ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਡੀਜ਼ਲ ਵਿੱਚ ਸੱਤ ਫੀਸਦੀ ਈਥਾਨੌਲ ਬਲੈਂਡਿੰਗ ਦੀ ਪਰਖ ਕੀਤੀ ਹੈ ਅਤੇ ਇਹ ਸਫਲ ਰਹੀ ਹੈ ਪਰ ਅਜੇ ਵੀ ਇਸ ਦੀ ਪਰਖ ਕੀਤੀ ਜਾ ਰਹੀ ਹੈ। ਜਦੋਂ ਤੱਕ ਕੰਪਨੀਆਂ ਇਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸਮਝਦੀਆਂ, ਵਪਾਰਕ ਪੱਧਰ 'ਤੇ ਇਸ ਨੂੰ ਮਿਲਾਉਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੈਟਰੋਲ ਵਿੱਚ ਈਥਾਨੌਲ ਮਿਲਾਇਆ ਜਾ ਰਿਹਾ ਹੈ ਅਤੇ ਇਸ ਨੂੰ ਵਧਾ ਕੇ 15 ਫੀਸਦੀ ਕਰਨ ਲਈ ਕੰਮ ਚੱਲ ਰਿਹਾ ਹੈ। ਹੁਣ ਤੱਕ ਚਾਰ ਹਜ਼ਾਰ ਕਰੋੜ ਲੀਟਰ ਈਥਾਨੌਲ ਪੈਟਰੋਲ ਵਿੱਚ ਮਿਲਾਇਆ ਜਾ ਚੁੱਕਾ ਹੈ ਅਤੇ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਇਸ ਨੂੰ ਵਧਾ ਕੇ 10 ਹਜ਼ਾਰ ਕਰੋੜ ਲੀਟਰ ਕਰਨ ਦੀਆਂ ਤਿਆਰੀਆਂ ਹਨ। 


author

DILSHER

Content Editor

Related News