ਫੇਸਬੁੱਕ ਨੇ ਰਿਲਾਇੰਸ ਦੇ AI ਉੱਦਮ ’ਚ 30 ਫ਼ੀਸਦੀ ਹਿੱਸੇਦਾਰੀ ਖਰੀਦੀ
Sunday, Oct 26, 2025 - 05:06 AM (IST)
ਨਵੀਂ ਦਿੱਲੀ - ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੇ ਏ. ਆਈ. ਉੱਦਮ ’ਚ ਮੇਟਾ ਪਲੇਟਫਾਰਮਜ਼ ਇੰਕ ਦੀ ਫੇਸਬੁੱਕ ਓਵਰਸੀਜ਼ 30 ਫ਼ੀਸਦੀ ਹਿੱਸੇਦਾਰੀ ਲਵੇਗੀ।ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਦੀ ਰਿਲਾਇੰਸ ਇੰਟਰਪ੍ਰਾਈਜ ਇੰਟੈਲੀਜੈਂਸ ਲਿਮਟਿਡ ’ਚ 70 ਫ਼ੀਸਦੀ ਹਿੱਸੇਦਾਰੀ ਹੋਵੇਗੀ। ਆਰ. ਆਈ. ਐੱਲ. ਦੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਰਿਲਾਇੰਸ ਇੰਟੈਲੀਜੈਂਸ ਅਤੇ ਫੇਸਬੁੱਕ ਸਾਂਝੇ ਤੌਰ ’ਤੇ ਇਸ ਉੱਦਮ ’ਚ ਸ਼ੁਰੂਆਤੀ 855 ਕਰੋਡ਼ ਰੁਪਏ ਦਾ ਨਿਵੇਸ਼ ਕਰਨਗੇ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਰਿਲਾਇੰਸ ਇੰਟੈਲੀਜੈਂਸ ਲਿਮਟਿਡ ਨੇ 24 ਅਕਤੂਬਰ, 2025 ਨੂੰ ਰਿਲਾਇੰਸ ਇੰਟਰਪ੍ਰਾਈਜ ਇੰਟੈਲੀਜੈਂਸ ਲਿਮਟਿਡ ਦਾ ਗਠਨ ਕੀਤਾ ਸੀ। ਇਸ ਦੇ ਮੁਤਾਬਕ,‘‘ਰਿਲਾਇੰਸ ਇੰਟੈਲੀਜੈਂਸ ਦੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਵਜੋਂ ਭਾਰਤ ’ਚ ਸ਼ਾਮਲ ਕੀਤੀ ਆਰ. ਈ. ਆਈ. ਐੱਲ., ਮੇਟਾ ਪਲੇਟਫਾਰਮਜ਼ ਇੰਕ ਦੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਫੇਸਬੁੱਕ ਓਵਰਸੀਜ਼ ਇੰਕ (ਫੇਸਬੁੱਕ) ਨਾਲ ਇਕ ਸਾਂਝਾ ਉੱਦਮ ਕੰਪਨੀ ਹੋਵੇਗੀ।’’
