ਅੱਤਵਾਦੀਆਂ ਦਾ ਅੱਬੂਜਾਨ ਸਮਾਜਵਾਦੀਆਂ ਦਾ ਭਾਈਜਾਨ, ਇਸ ਲਈ ਬੰਦ ਹੈ ਅਖਿਲੇਸ਼ ਦੀ ਜ਼ੁਬਾਨ : ਅਨੁਰਾਗ ਠਾਕੁਰ
Sunday, Feb 20, 2022 - 02:24 PM (IST)
ਨੈਸ਼ਨਲ ਡੈਸਕ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਕ ਵਾਰ ਮੁੜ ਅਖਿਲੇਸ਼ ਯਾਦਵ 'ਤੇ ਤੰਜ ਕੱਸਿਆ ਹੈ। ਉਨ੍ਹਾਂ ਅੱਜ ਯਾਨੀ ਐਤਵਾਰ ਨੂੰ ਕਿਹਾ ਕਿ ਮੈਂ ਕੱਲ ਵੀ ਕਿਹਾ ਸੀ ਅਹਿਮਦਾਬਾਦ ਬੰਬ ਧਮਾਕਿਆਂ ਦੇ ਤਾਰ ਸਿੱਧੇ ਤੌਰ 'ਤੇ ਸਮਾਜਵਾਦੀ ਪਾਰਟੀ ਨਾਲ ਜੁੜੇ ਹਨ, ਇਸ ਲਈ ਅਖਿਲੇਸ ਯਾਦਵ ਹਾਲੇ ਤੱਕ ਚੁੱਪ ਹਨ। ਕਾਰਨ ਕੀ ਹੈ? ਅੱਤਵਾਦੀ ਦਾ ਅੱਬੂਜਾਨ, ਸਮਾਜਵਾਦੀਆਂ ਦਾ ਭਾਈਜਾਨ ਇਸ ਲਈ ਅਖਿਲੇਸ਼ ਦੀ ਜ਼ੁਬਾਨ ਬੰਦ ਹੈ। ਉੱਥੇ ਹੀ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਸਪਾ ਮੁਖੀ ਅਖਿਲੇਸ਼ ਨੇ ਕਿਹਾ ਕਿ ਜਿੱਥੇ ਤੱਕ ਸਵਾਲ ਅਨੁਰਾਗ ਠਾਕੁਰ ਦਾ ਹੈ ਤਾਂ ਜਿਸ ਸਮੇਂ ਉਹ ਘਟਨਾ ਹੋਈ ਸੀ (2008 ਅਹਿਮਦਾਬਾਦ ਬੰਬ ਧਮਾਕਾ) ਤਾਂ ਅਸੀਂ ਲੋਕ (ਮੈਂ, ਅਨੁਰਾਗ ਠਾਕੁਰ ਅਤੇ ਨੀਰਜ ਸ਼ੇਖਰ) ਇਕ ਹੀ ਗੱਡੀ 'ਚ ਬੈਠ ਕੇ ਰੱਖਿਆ ਦਫ਼ਤਰ ਗਏ ਸੀ, ਜਿੱਥੇ ਪ੍ਰਾਦੇਸ਼ਿਕ ਸੈਨਾ ਦੀ ਟਰੇਨਿੰਗ ਸੀ। ਜੇਕਰ ਮੈਂ ਅੱਤਵਾਦੀ ਹਾਂ ਤਾਂ ਉਹ ਵੀ ਅੱਤਵਾਦੀ ਹੋਣਗੇ।
ਦੱਸਣਯੋਗ ਹੈ ਕਿ ਅਹਿਮਦਾਬਾਦ ਸੀਰੀਅਲ ਬੰਬ ਧਮਾਕੇ ਨੂੰ ਲੈ ਕੇ ਅਨੁਰਾਗ ਠਾਕੁਰ ਨੇ ਅਖਿਲੇਸ਼ 'ਤੇ ਅੱਤਵਾਦ ਨੂੰ ਉਤਸ਼ਾਹ ਦੇਣ ਦਾ ਦੋਸ਼ ਲਗਾਇਆ ਸੀ। ਕੇਂਦਰੀ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਖਿਲੇਸ਼ ਨੇ ਠਾਨਿਆ ਹੈ, ਅੱਤਵਾਦੀਆਂ ਨੂੰ ਬਚਾਉਣਾ ਹੈ। ਅਨੁਰਾਗ ਨੇ ਕਿਹਾ ਕਿ ਜਦੋਂ ਵੀ ਅੱਤਵਾਦ ਦੀ ਗੱਲ ਆਉਂਦੀ ਹੈ ਤਾਂ ਭਾਜਪਾ ਜ਼ੀਰੋ ਟੋਲਰੈਂਸ ਰੱਖਦੀ ਹੈ, ਜਦੋਂ ਕਿ ਸਮਾਜਵਾਦੀ ਪਾਰਟੀ ਸਹਿਯੋਗਵਾਦ ਦਾ ਰੁਖ ਰੱਖਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਹਿਮਦਾਬਾਦ ਬਲਾਸਟ ਦੇ ਦੋਸ਼ੀਆਂ ਦੇ ਤਾਰ ਸਿੱਧੇ ਸਪਾ ਨੇਤਾਵਾਂ ਨਾਲ ਜੁੜੇ ਹਨ। ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਸਪਾ ਨੇਤਾ ਅਤੇ ਪਾਰਟੀ ਵਲੋਂ ਕੋਈ ਬਿਆਨ ਨਹੀਂ ਆਇਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ