ਦਿੱਲੀ ਸਰਕਾਰ ਦਾ ਵੱਡਾ ਫੈਸਲਾ, ਮਾਰਚ 2026 ’ਚ ਹੋਣ ਵਾਲੀਆਂ TGT-PGT ਭਰਤੀ ਪ੍ਰੀਖਿਆਵਾਂ ਮੁਲਤਵੀ

Saturday, Dec 27, 2025 - 08:31 PM (IST)

ਦਿੱਲੀ ਸਰਕਾਰ ਦਾ ਵੱਡਾ ਫੈਸਲਾ, ਮਾਰਚ 2026 ’ਚ ਹੋਣ ਵਾਲੀਆਂ TGT-PGT ਭਰਤੀ ਪ੍ਰੀਖਿਆਵਾਂ ਮੁਲਤਵੀ

ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਅਧਿਆਪਕ ਭਰਤੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਵੱਡਾ ਫੈਸਲਾ ਲੈਂਦਿਆਂ ਮਾਰਚ 2026 ਵਿੱਚ ਹੋਣ ਵਾਲੀਆਂ TGT ਅਤੇ PGT ਭਰਤੀ ਪ੍ਰੀਖਿਆਵਾਂ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ। ਦਿੱਲੀ ਅਧੀਨ ਸੇਵਾ ਚੋਣ ਬੋਰਡ (DSSSB) ਵੱਲੋਂ ਇਹ ਪ੍ਰੀਖਿਆਵਾਂ 2 ਮਾਰਚ 2026 ਤੋਂ ਸ਼ੁਰੂ ਹੋਣੀਆਂ ਸਨ, ਪਰ ਹੁਣ ਇਹਨਾਂ ਦਾ ਆਯੋਜਨ ਨਹੀਂ ਕੀਤਾ ਜਾਵੇਗਾ।

ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਦੱਸਿਆ ਕਿ ਰਾਜ ਸਰਕਾਰ DSSSB ਰਾਹੀਂ ਹੋਣ ਵਾਲੀਆਂ ਅਧਿਆਪਕ ਭਰਤੀਆਂ ਵਿੱਚ ਉਮਰ ਸੀਮਾ ਵਧਾਉਣ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਵੱਲੋਂ ਉਮਰ ਸੀਮਾ ਵਿੱਚ ਛੂਟ ਦੀ ਮੰਗ ਕੀਤੀ ਜਾ ਰਹੀ ਸੀ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਦਿੱਲੀ ਸਰਕਾਰ ਅਨੁਸਾਰ, ਉਮੀਦਵਾਰ PGT ਲਈ 36 ਸਾਲ ਅਤੇ TGT ਲਈ 32 ਸਾਲ ਦੀ ਪੁਰਾਣੀ ਉਮਰ ਸੀਮਾ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਸਦੇ ਨਾਲ ਹੀ PRT ਅਧਿਆਪਕਾਂ ਲਈ 5 ਸਾਲ ਦੀ ਵਾਧੂ ਉਮਰ ਛੂਟ ਦੀ ਮੰਗ ਵੀ ਸਾਹਮਣੇ ਆਈ ਹੈ। ਮੌਜੂਦਾ ਸਮੇਂ ਵਿੱਚ DSSSB ਦੀਆਂ PRT ਭਰਤੀ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਉਮਰ ਸੀਮਾ 30 ਸਾਲ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਉਮੀਦਵਾਰਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਫਿਲਹਾਲ TGT ਅਤੇ PGT ਭਰਤੀ ਪ੍ਰੀਖਿਆਵਾਂ ’ਤੇ ਰੋਕ ਲਗਾਈ ਹੈ, ਤਾਂ ਜੋ ਉਮਰ ਸੀਮਾ ਬਾਰੇ ਅੰਤਿਮ ਫੈਸਲਾ ਲਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਵੱਖ-ਵੱਖ ਵਿਸ਼ਿਆਂ ਲਈ TGT ਦੇ ਕੁੱਲ 5346 ਅਹੁਦਿਆਂ ’ਤੇ ਭਰਤੀ ਲਈ ਪ੍ਰੀਖਿਆਵਾਂ 2 ਮਾਰਚ ਤੋਂ 22 ਮਾਰਚ 2026 ਤੱਕ ਹੋਣੀਆਂ ਸਨ, ਜਦਕਿ PGT ਦੀ ਪ੍ਰੀਖਿਆ 26 ਮਾਰਚ 2026 ਤੋਂ ਸ਼ੁਰੂ ਹੋਣੀ ਸੀ। ਇਹ ਸਾਰੀਆਂ ਪ੍ਰੀਖਿਆਵਾਂ ਕੰਪਿਊਟਰ ਬੇਸਡ ਟੈਸਟ (CBT) ਮੋਡ ਵਿੱਚ ਕਰਵਾਈਆਂ ਜਾਣੀਆਂ ਸਨ।

TGT ਭਰਤੀ ਲਈ ਅਰਜ਼ੀਆਂ 9 ਅਕਤੂਬਰ 2025 ਤੋਂ 7 ਨਵੰਬਰ 2025 ਤੱਕ ਲਈਆਂ ਗਈਆਂ ਸਨ ਅਤੇ ਐਡਮਿਟ ਕਾਰਡ ਮਾਰਚ ਵਿੱਚ ਜਾਰੀ ਹੋਣੇ ਸਨ। ਹੁਣ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਖਾਂ DSSSB ਵੱਲੋਂ ਅਧਿਕਾਰਿਕ ਵੈੱਬਸਾਈਟ ’ਤੇ ਜਾਰੀ ਕੀਤੀਆਂ ਜਾਣਗੀਆਂ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਿਯਮਿਤ ਤੌਰ ’ਤੇ ਬੋਰਡ ਦੀ ਵੈੱਬਸਾਈਟ ’ਤੇ ਅਪਡੇਟ ਚੈੱਕ ਕਰਦੇ ਰਹਿਣ।


author

Inder Prajapati

Content Editor

Related News