ਕਸ਼ਮੀਰ ’ਚ ਪਾਕਿ ਨਾਲ ਜੁੜੇ ਅੱਤਵਾਦੀ ਮਾਡਿਊਲ ਦਾ ਭੱਜਾ ਭਾਂਡਾ, TUMJK ਸਮੂਹ ਦੇ 6 ਮੈਂਬਰ ਗ੍ਰਿਫਤਾਰ

Friday, Nov 11, 2022 - 11:24 AM (IST)

ਸ਼੍ਰੀਨਗਰ/ਜੰਮੂ (ਯੂ. ਐੱਨ. ਆਈ./ਉਦੇ/ਅਰੀਜ਼)– ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ’ਚ ਇਕ ਅੱਤਵਾਦੀ ਫੰਡਿੰਗ ਅਤੇ ਭਰਤੀ ਮਾਡਿਊਲ ਦਾ ਭਾਂਡਾ ਭੰਨਦੇ ਹੋਏ ਤਹਿਰੀਕ-ਏ-ਮੁਜਾਹਿਦੀਨ (ਟੀ. ਯੂ. ਐੱਮ. ਜੇ. ਕੇ.) ਸਮੂਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਕਿਹਾ ਕਿ ਕਸ਼ਮੀਰ ਦੇ ਨੌਜਵਾਨਾਂ ਨੂੰ ਅੱਤਵਾਦੀ ਸਮੂਹ ’ਚ ਸ਼ਾਮਲ ਕਰਨ ਵਾਲਾ ਭਰਤੀ ਮਾਡਿਊਲ ਇੱਕ ‘ਫਰਜ਼ੀ ਗ਼ੈਰ-ਸਰਕਾਰੀ ਸੰਗਠਨ’ ਹੈ, ਜੋ ਇਸਲਾਹੀ ਫਲਾਹੀ ਰਿਲੀਫ ਟਰੱਸਟ (ਆਈ. ਐੱਫ. ਆਰ. ਟੀ.) ਦੀ ਆੜ ’ਚ ਇਕ ਰੈਕੇਟ ਚਲਾ ਰਿਹਾ ਸੀ। ਕੁਪਵਾੜਾ ਪੁਲਸ ਨੇ ਆਰਮੀ ਦੀ 21 ਰਾਸ਼ਟਰੀ ਰਾਈਫਲ ਅਤੇ 47 ਆਰ. ਆਰ. ਦੇ ਨਾਲ ਮੋਡੀਊਲ ਦਾ ਭਾਂਡਾ ਭੰਨਿਆ।

ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਕੁਪਵਾੜਾ ਦੇ ਚਿਰਕੋਟ ਇਲਾਕੇ ਦੇ ਰਹਿਣ ਵਾਲੇ ਬਿਲਾਲ ਅਹਿਮਦ ਡਾਰ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਉੱਤਰੀ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ 5 ਹੋਰ ਲੋਕਾਂ ਦੇ ਨਾਲ ਆਈ. ਐੱਫ. ਆਰ. ਟੀ. ਨਾਮ ਦੇ ਇਕ ਫਰਜ਼ੀ ਐੱਨ. ਜੀ. ਓ. ਦੀ ਆੜ ’ਚ ਇਕ ਅੱਤਵਾਦੀ ਫੰਡਿੰਗ ਰੈਕੇਟ ਚਲਾ ਰਿਹਾ ਹੈ, ਜਿਸ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਦਾਅਵਾ ਕੀਤਾ ਸੀ।

ਪੁਲਸ ਨੇ ਦੱਸਿਆ ਕਿ ਡਾਰ ਨੇ ਹੰਦਵਾੜਾ ਦੇ ਲੰਗੇਤੇ ਕਚਲੂ ਤੋਂ ਵਾਹਿਦ ਅਹਿਮਦ ਭੱਟ, ਬਾਰਾਮੂਲਾ ਸਿੰਘਪੋਰਾ ਤੋਂ ਜਾਵੇਦ ਅਹਿਮਦ ਨਜ਼ਰ, ਸੋਪੋਰ ਬਰਥ ਦੇ ਮੁਸ਼ਤਾਕ ਅਹਿਮਦ ਨਜ਼ਰ, ਸੋਪੋਰ ਮੁੰਡਜੀ ਤੋਂ ਬਸ਼ੀਰ ਅਹਿਮਦ ਮੀਰ ਅਤੇ ਚਿਰਕੋਟ ਤੋਂ ਜ਼ੁਬੈਰ ਅਹਿਮਦ ਡਾਰ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ।

ਸੂਤਰਾਂ ਨੇ ਕਿਹਾ ਕਿ ਇਹ ਸਮੂਹ 15 ਅਗਸਤ ਦੇ ਆਸਪਾਸ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਾਰਾਮੂਲਾ ਦੌਰੇ ਦੌਰਾਨ ਦੇਸ਼ ਵਿਰੋਧੀ ਪੋਸਟਰ ਲਗਾਉਣ ਲਈ ਵੀ ਜ਼ਿੰਮੇਵਾਰ ਸੀ। ਡਾਰ ਨੇ ਖਾਸ ਤੌਰ ’ਤੇ 14 ਅਗਸਤ ਨੂੰ ਮਰਕਜ਼ੀ ਜਾਮੀਆ ਮਸਜਿਦ ਕੁਪਵਾੜਾ ਦੇ ਅੰਦਰ ਪਾਕਿਸਤਾਨੀ ਆਕਾਵਾਂ ਦੇ ਹੁਕਮਾਂ ’ਤੇ ਪਾਕਿਸਤਾਨੀ ਝੰਡਾ ਲਹਿਰਾਉਣ ਦੀ ਗੱਲ ਵੀ ਸਵੀਕਾਰ ਕੀਤੀ।

ਪੁਲਸ ਨੇ ਦੱਸਿਆ ਕਿ ਮਾਡਿਊਲ ਤੋਂ 54 ਪਿਸਤੌਲ, 10 ਮੈਗਜ਼ੀਨ, ਗੋਲਾ-ਬਾਰੂਦ, ਦੋ ਗ੍ਰਨੇਡ ਅਤੇ ਇਕ ਆਈ. ਈ. ਡੀ. ਬਰਾਮਦ ਕੀਤੀ ਹੈ। ਪੁਲਸ ਨੇ ਥਾਣਾ ਕੁਪਵਾੜਾ ਵਿਖੇ ਅਗਲੇਰੀ ਜਾਂਚ ਲਈ ਮਾਮਲਾ ਦਰਜ ਕੀਤਾ ਗਿਆ ਹੈ।


Rakesh

Content Editor

Related News