ਕਿਸਾਨਾਂ ਨਾਲ ਕਰਜ਼ ਮੁਆਫ਼ੀ ਦਾ ਵਾਅਦਾ ਪੂਰਾ ਕੀਤਾ, PM ਦੀ ਟਿੱਪਣੀ ਤੋਂ ਹੈਰਾਨ ਹਾਂ: CM ਰੈਡੀ
Monday, Oct 07, 2024 - 09:43 AM (IST)
ਹੈਦਰਾਬਾਦ- ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੇ ਕਰਜ਼ ਮੁਆਫ ਕਰਨ ਦੀ ਆਪਣੀ ਵਚਨਬੱਧਤਾ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਮੁੱਖ ਮੰਤਰੀ ਨੇ ਐਤਵਾਰ ਰਾਤ ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿੱਠੀ 'ਚ ਕਿਹਾ ਕਿ ਤੇਲੰਗਾਨਾ ਸਰਕਾਰ ਨੇ 27 ਦਿਨਾਂ ਦੀ ਮਿਆਦ ਵਿਚ 17 ਹਜ਼ਾਰ 869 ਕਰੋੜ ਰੁਪਏ ਦੇ ਕਰਜ਼ ਮੁਆਫ਼ ਕੀਤੇ ਹਨ, ਜਿਸ ਨਾਲ 22.22 ਲੱਖ ਕਿਸਾਨਾਂ ਨੂੰ ਫਾਇਦਾ ਹੋਇਆ ਹੈ। ਰੈਡੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਟਿੱਪਣੀ ਦਾ ਖੰਡਨ ਕੀਤਾ ਕਿ ਸੂਬੇ ਵਿਚ ਕਿਸਾਨ ਅਜੇ ਵੀ ਕਰਜ਼ ਮੁਆਫ਼ੀ ਦੀ ਉਡੀਕ ਕਰ ਰਹੇ ਹਨ। ਕਰਜ਼ ਮੁਆਫ਼ੀ 'ਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਟਿੱਪਣੀਆਂ ਦੇ ਜਵਾਬ ਵਿਚ ਮੁੱਖ ਮੰਤਰੀ ਰੈਡੀ ਨੇ ਚਿੱਠੀ ਲਿਖੀ।
ਇਕ ਬਿਆਨ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਇਸ ਗੱਲ 'ਤੇ ਪ੍ਰਕਾਸ਼ ਪਾਇਆ ਕਿ ਕਰਜ਼ ਮੁਆਫੀ ਦੇ ਵਾਅਦੇ ਨਾਲ ਤੇਲੰਗਾਨਾ 'ਚ ਸੱਤਾ 'ਚ ਆਈ ਕਾਂਗਰਸ ਨੇ ਆਪਣੇ ਵਾਅਦੇ 'ਤੇ ਖਰੀ ਉਤਰੀ ਹੈ। ਕਰਜ਼ ਮੁਆਫੀ ਨੂੰ ਪੜਾਵਾਂ ਵਿਚ ਲਾਗੂ ਕੀਤਾ ਗਿਆ ਹੈ, ਸਰਕਾਰ ਨੇ 18 ਜੁਲਾਈ, 2024 ਤੱਕ 1 ਲੱਖ ਰੁਪਏ ਤੱਕ ਦੇ ਕਰਜ਼ੇ ਵਾਲੇ 11,34,412 ਕਿਸਾਨਾਂ ਦੇ ਖਾਤਿਆਂ 'ਚ 6,034.97 ਕਰੋੜ ਰੁਪਏ ਟਰਾਂਸਫਰ ਕੀਤੇ ਹਨ। ਇਸ ਤੋਂ ਬਾਅਦ 30 ਜੁਲਾਈ ਨੂੰ 6,40,823 ਕਿਸਾਨਾਂ ਦੇ ਕਰਜ਼ਾ ਖਾਤਿਆਂ 'ਚ 6,190.01 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ, ਜਿਸ ਤੋਂ ਬਾਅਦ 15 ਅਗਸਤ ਨੂੰ 5,644.24 ਕਰੋੜ ਰੁਪਏ ਦੀ ਇਕ ਹੋਰ ਕਿਸ਼ਤ 4,46,832 ਕਿਸਾਨਾਂ ਤੱਕ ਪਹੁੰਚੀ।