ਤੇਲੰਗਾਨਾ ''ਚ ਟਾਲੀਵੁੱਡ ਸਿਤਾਰਿਆਂ ਨੇ ਵੀ ਪਾਈ ਵੋਟ, ਅੱਲੂ ਅਰਜੁਨ ਤੋਂ ਲੈ ਕੇ ਚਿਰੰਜੀਵੀ ਤਕ ਲਾਈਨਾਂ ''ਚ ਖੜ੍ਹੇ ਨਜ਼ਰ ਆ
Thursday, Nov 30, 2023 - 05:57 PM (IST)
ਨੈਸ਼ਨਲ ਡੈਸਕ- ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ (30 ਨਵੰਬਰ) ਨੂੰ 119 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਚੋਣਾਂ 'ਚ 2290 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਵੋਟਿੰਗ ਪ੍ਰਕਿਰਿਆ ਜਾਰੀ ਰਹੇਗੀ। ਲੋਕ ਲੰਬੀਆਂ ਲਾਈਨਾਂ 'ਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਟਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਹਨ। ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਲਈ ਟਾਲੀਵੁੱਡ ਸਿਤਾਰੇ ਵੀ ਵੋਟਿੰਗ ਕੇਂਦਰਾਂ 'ਤੇ ਪਹੁੰਚ ਕੇ ਵੋਟ ਪਾ ਰਹੇ ਹਨ। ਇਸ ਲਿਸਟ 'ਚ ਕਈ ਵੱਡੇ ਨਾਮੀ ਸਿਤਾਰੇ ਵੀ ਸ਼ਾਮਲ ਹਨ।
ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ 'ਪੁਸ਼ਪਾ' ਫੇਮ ਰਾਸ਼ਟਰੀ ਪੁਰਸਕਾਰ ਜੇਤੂ ਅਤੇ ਅਭਿਨੇਤਾ ਅੱਲੂ ਅਰਜੁਨ ਹੈਦਰਾਬਾਦ ਦੇ ਜੁਬਲੀ ਹਿੱਲਸ ਇਲਾਕੇ 'ਚ ਵੋਟ ਪਾਉਣ ਪਹੁੰਚੇ। ਆਮ ਲੋਕਾਂ ਦੀ ਤਰ੍ਹਾਂ ਹੀ ਅੱਲੂ ਅਰਜੁਨ ਵੀ ਲਾਈਨ 'ਚ ਲੱਗੇ ਨਜ਼ਰ ਆਏ। ਇਸ ਦੌਰਾਨ ਉਹ ਆਸਪਾਸ ਖੜ੍ਹੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਦਿਸੇ। ਹੈਦਰਾਬਾਦ 'ਚ ਵੋਟ ਪਾਉਣ ਤੋਂ ਬਾਅਦ ਅਭਿਨੇਤਾ ਅੱਲੂ ਅਰਜੁਨ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਏ ਅਤੇ ਜ਼ਿੰਮੇਵਾਰੀ ਨਾਲ ਆਪਣੀ ਵੋਟ ਪਾਓ।
ਚਿਰੰਜੀਵੀ ਨੇ ਪਰਿਵਾਰ ਨਾਲ ਪਾਈ ਵੋਟ
ਟਾਲੀਵੁੱਡ ਦੇ ਮੈਗਾਸਟਾਰ ਚਿਰੰਜੀਵੀ ਨੇ ਵੀ ਆਪਣੇ ਪਰਿਵਾਰ ਦੇ ਨਾਲ ਵੋਟ ਪਾਈ। ਚਿਰੰਜੀਵੀ ਦੇ ਨਾਲ ਉਨ੍ਹਾਂ ਦੀ ਪਤਨੀ ਸੁਰੇਖਾ ਅਤੇ ਛੋਟੀ ਧੀ ਸ਼੍ਰੀਸਾ ਨਜ਼ਰ ਆਈ। ਲਾਈਨ 'ਚ ਖੜ੍ਹੇ ਹੋ ਕੇ ਚਿਰੰਜੀਵੀ ਨੇ ਵੋਟ ਆਪਣੇ ਵਾਰੀ ਦਾ ਇੰਤਜ਼ਾਰ ਕੀਤਾ ਅਤੇ ਵੋਟ ਪਾਈ।
ਜੂਨੀਅਨ ਐੱਨ.ਟੀ.ਆਰ. ਨੇ ਵੀ ਪਾਈ ਵੋਟ
ਟਾਲੀਵੁੱਡ ਸਟਾਰ ਜੂਨੀਅਰ ਐੱਨ.ਟੀ.ਆਰ. ਵੀ ਆਪਣੀ ਵੋਟ ਪਾਉਣ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਮਾਂ ਵੀ ਨਜ਼ਰ ਆਈ। ਤਿੰਨਾਂ ਨੇ ਹੀ ਲਾਈਨ 'ਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਅਤੇ ਵੋਟ ਪਾਈ।
ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੂਰ ਤੇਲੰਗਾਨਾ ਸੂਬੇ 'ਚ 35,655 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ 'ਚੋਂ 12 ਹਜ਼ਾਰ ਤੋਂ ਜ਼ਿਆਦਾ ਵੋਟਿੰਗ ਕੇਂਦਰਾਂ ਨੂੰ ਸੰਵੇਦਨਸ਼ੀਲ ਐਲਾਨ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਨਿਰਪੱਖ ਅਤੇ ਸੁਤੰਤਰ ਵੋਟ ਯਕੀਨੀ ਕਰਨ ਲਈ ਸੂਬੇ 'ਚ ਵਿਆਪਕ ਤਿਆਰੀਆਂ ਕੀਤੀਆਂ।