ਤੇਲੰਗਾਨਾ ''ਚ ਵਾਪਰਿਆ ਭਿਆਨਕ ਹਾਦਸਾ, ਟਰੱਕ ਅਤੇ ਟਰੈਕਟਰ ਟਰਾਲੀ ਦੀ ਟੱਕਰ ''ਚ 5 ਲੋਕਾਂ ਦੀ ਮੌਤ
Sunday, Nov 13, 2022 - 12:34 PM (IST)
ਹੈਦਰਾਬਾਦ (ਵਾਰਤਾ)- ਤੇਲੰਗਾਨਾ 'ਚ ਸੂਰੀਆਪੇਟ ਜ਼ਿਲ੍ਹੇ ਦੇ ਮੁਨਾਗਨਾ ਮੰਡਲ ਕੇਂਦਰ ਦੇ ਬਾਹਰੀ ਇਲਾਕੇ 'ਚ ਸ਼ਨੀਵਾਰ ਦੇਰ ਰਾਤ ਇਕ ਟਰੈਕਟਰ ਟਰਾਲੀ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਐਤਵਾਰ ਨੂੰ ਕਿਹਾ ਕਿ ਮੁਨਾਗਲਾ ਪਿੰਡ ਦੇ ਕਰੀਬ 38 ਲੋਕ ਨੇੜੇ ਦੀ ਸਾਗਰ ਨਹਿਰ ਦੇ ਕਿਨਾਰੇ ਸਥਿਤ ਅਯੱਪਾ ਸਵਾਮੀ ਮੰਦਰ 'ਚ ਮਹਾਪੜੀ ਪੂਜਾ 'ਚ ਸ਼ਾਮਲ ਹੋ ਕੇ ਟਰੈਕਟਰ ਟਰਾਲੀ 'ਚ ਸਵਾਰ ਹੋ ਕੇ ਪਰਤ ਰਹੇ ਸਨ। ਟਰੈਕਟਰ ਟਰਾਲੀ ਗਲਤ ਰਸਤੇ ਆ ਰਹੀ ਸੀ ਅਤੇ ਵਿਜੇਵਾੜਾ-ਹੈਦਰਾਬਾਦ ਰਾਸ਼ਟਰੀ ਰਾਜਮਾਰਗ 'ਤੇ ਇਕ ਟਰੱਕ ਨਾਲ ਟਕਰਾ ਗਈ। ਜਿਸ ਨਾਲ ਟਰੈਕਟਰ ਟਲਾਈ ਪਲਟ ਗਈ ਅਤੇ ਲੋਕ ਉਸ ਦੇ ਹੇਠਾਂ ਦੱਬ ਗਏ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਪੁਲਸ ਨੇ ਦੱਸਿਆ ਕਿ ਤਨੀਰੂ ਪ੍ਰਮਿਲਾ (35), ਚਿੰਤਾਕਾਇਲਾ ਪ੍ਰਮਿਲਾ (33), ਉਦੇ ਲੋਕੇਸ਼ (8), ਨਰਗਨੀ ਕੋਟੈਯਾ (55) ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ, ਜਦੋਂ ਕਿ ਗੰਡੂ ਜੋਤੀ (38) ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ ਖਮੰਮ ਅਤੇ ਸੂਰੀਆਪੇਟ ਹਸਪਤਾਲਾਂ 'ਚ ਬਿਹਤਰ ਇਲਾਜ ਲਈ ਰੈਫਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਟਰੱਕ ਵਿਜੇਵਾੜਾ ਤੋਂ ਹੈਦਰਾਬਾਦ ਜਾ ਰਿਹਾ ਸੀ।