‘ਤਰੰਗ ਸ਼ਕਤੀ’ ’ਚ ਗਰਜਣਗੇ 7 ਦੇਸ਼ਾਂ ਦੇ ਲੜਾਕੂ ਜਹਾਜ਼ ! ਜੋਧਪੁਰ ’ਚ ਸ਼ੁਰੂ ਹੋਇਆ ਆਪ੍ਰੇਸ਼ਨਲ ਪੜਾਅ
Monday, Sep 28, 2026 - 05:39 PM (IST)
ਨਵੀਂ ਦਿੱਲੀ- ਅਸਮਾਨ ’ਚ ਤਾਕਤ ਦਿਖਾਉਣ ਦੇ ਨਾਲ-ਨਾਲ ਭਾਈਵਾਲੀ ਅਤੇ ਜੰਗੀ ਤਾਲਮੇਲ ਪਰਖਣ ਲਈ ਭਾਰਤੀ ਹਵਾਈ ਫੌਜ ਦਾ ਬਹੁ-ਰਾਸ਼ਟਰੀ ਹਵਾਈ ਅਭਿਆਸ ‘ਤਰੰਗ ਸ਼ਕਤੀ 2026’ ਹੁਣ ਆਪ੍ਰੇਸ਼ਨਲ ਪੜਾਅ ’ਚ ਪਹੁੰਚ ਗਿਆ ਹੈ। ਜੋਧਪੁਰ ਏਅਰਫੋਰਸ ਸਟੇਸ਼ਨ ’ਚ ਸ਼ੁਰੂ ਹੋਏ ਇਸ ਅਭਿਆਸ ’ਚ ਭਾਰਤ ਦੇ ਨਾਲ 7 ਮਿੱਤਰ ਦੇਸ਼ਾਂ ਦੀਆਂ ਹਵਾਈ ਫੌਜਾਂ ਹਿੱਸਾ ਲੈ ਰਹੀਆਂ ਹਨ। ਅਭਿਆਸ ’ਚ ਐੱਫ-35 ਲਾਈਟਨਿੰਗ-II, ਰਾਫ਼ੇਲ ਅਤੇ ਐੱਫ-16 ਵਰਗੇ ਅਤਿ-ਆਧੁਨਿਕ ਲੜਾਕੂ ਜਹਾਜ਼ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨਗੇ।
‘ਪਾਵਰ ਇਨ ਪਾਰਟਨਰਸ਼ਿਪ’ ਥੀਮ ਦੇ ਨਾਲ ਸ਼ਨੀਵਾਰ 26 ਸਤੰਬਰ ਤੋਂ ਸ਼ੁਰੂ ਹੋਇਆ ਅਭਿਆਸ 12 ਅਕਤੂਬਰ ਤੱਕ ਚੱਲੇਗਾ। ਆਸਟ੍ਰੇਲੀਆ, ਅਮਰੀਕਾ, ਯੂ. ਏ. ਈ., ਫਰਾਂਸ, ਜਰਮਨੀ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਇਸ ’ਚ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ ਕਈ ਦੇਸ਼ ਆਬਜ਼ਰਵੇਟਰ ਦੇ ਤੌਰ ’ਤੇ ਸ਼ਾਮਲ ਹਨ।
ਅਭਿਆਸ ’ਚ ਅਤਿ-ਆਧੁਨਿਕ ਲੜਾਕੂ ਜਹਾਜ਼ਾਂ ਦੇ ਨਾਲ ਏ400ਐੱਮ, ਐੱਮ. ਆਰ. ਟੀ. ਟੀ., ਸੀ-130, ਸੀ-130ਜੇ ਅਤੇ ਕੇ. ਸੀ.-30ਏ ਵਰਗੇ ਏਅਰਲਿਫ਼ਟ ਤੇ ਹਵਾ ’ਚ ਈਂਧਨ ਭਰਨ ਵਾਲੇ ਜਹਾਜ਼ ਵੀ ਸ਼ਾਮਲ ਹਨ। ਅਭਿਆਸ ’ਚ ਏਅਰਕਰੂ, ਮਿਸ਼ਨ ਪਲਾਨਰ ਅਤੇ ਆਪ੍ਰੇਸ਼ਨਲ ਸਪੋਰਟ ਸਟਾਫ਼ ਸਾਂਝੀ ਸਿਖਲਾਈ ਲੈਣਗੇ। ਇਸ ਦੇ ਨਾਲ ਸੈਮੀਨਾਰ, ਉਦਯੋਗਿਕ ਦੌਰਾ, ਮੈਰਾਥਨ, ਵਿਰਾਸਤੀ ਟੂਰ ਅਤੇ ਯੋਗਾ ਵਰਗੀਆਂ ਸਰਗਰਮੀਆਂ ਵੀ ਹੋਣਗੀਆਂ।
