ਤਾਮਿਲਨਾਡੂ ਹੈਲੀਕਾਪਟਰ ਹਾਦਸਾ: ਕੁਲਦੀਪ ਸਿੰਘ ਦਾ ਸਸਕਾਰ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
Saturday, Dec 11, 2021 - 06:14 PM (IST)

ਜੈਪੁਰ (ਭਾਸ਼ਾ)— ਤਾਮਿਲਨਾਡੂ ਦੇ ਕੰਨੂਰ ਹੈਲੀਕਾਪਟਰ ਹਾਦਸੇ ਵਿਚ ਜਾਨ ਗੁਆਉਣ ਵਾਲੇ ਸਕੁਐਡਰਨ ਲੀਡਰ ਕੁਲਦੀਪ ਸਿੰਘ ਦਾ ਪੂਰੇ ਫ਼ੌਜੀ ਸਨਮਾਨ ਨਾਲ ਸ਼ਨੀਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਘਰਦਾਨਾ ਖੁਰਦ ’ਚ ਸਸਕਾਰ ਕੀਤਾ ਗਿਆ। ਵੱਡੀ ਗਿਣਤੀ ਵਿਚ ਲੋਕਾਂ ਨੇ ਨਮ ਅੱਖਾਂ ਨਾਲ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ। ਬੁੱਧਵਾਰ ਨੂੰ ਇਸ ਹਾਦਸੇ ’ਚ ਜਾਨ ਗੁਆਉਣ ਵਾਲੇ ਕੁਲਦੀਪ ਸਿੰਘ ਦਾ ਮਰਹੂਮ ਸਰੀਰ ਸ਼ਨੀਵਾਰ ਸਵੇਰੇ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਝੁੰਝੁਨੂੰ ਹਵਾਈ ਅੱਡੇ ’ਤੇ ਪਹੁੰਚਾਇਆ ਗਿਆ। ਇੱਥੇ ਪ੍ਰਸ਼ਾਸਨਕ ਅਧਿਕਾਰੀਆਂ, ਜਨਪ੍ਰਤੀਨਿਧੀਆਂ ਨੇ ਉਨ੍ਹਾਂ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਮਰਹੂਮ ਸਰੀਰ ਨੂੰ ਭਾਰਤੀ ਹਵਾਈ ਫ਼ੌਜ ਦੇ ਫੁੱਲਾਂ ਨਾਲ ਸਜੇ ਇਕ ਟਰੱਕ ’ਚ ਜੱਦੀ ਪਿੰਡ ਘਰਦਾਨਾ ਖੁਰਦ ਲਿਜਾਇਆ ਗਿਆ।
ਇਹ ਵੀ ਪੜ੍ਹੋ: ਦੇਸ਼ ਨੇ ਗੁਆਇਆ ਜਾਂਬਾਜ਼ ਜਨਰਲ ‘ਰਾਵਤ’, ਪੜ੍ਹੋ ਕਦੋਂ-ਕਦੋਂ ਹਾਦਸੇ ਦਾ ਸ਼ਿਕਾਰ ਹੋਇਆ Mi-17
ਸ਼ਨੀਵਾਰ ਸ਼ਾਮ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦਾ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਕੁਲਦੀਪ ਨੂੰ ਅੰਤਿਮ ਵਿਦਾਈ ਦਿੱਤੀ। ਪੂਰੇ ਫ਼ੌਜੀ ਸਨਮਾਨ ਨਾਲ ਸਕੁਐਡਰਨ ਲੀਡਰ ਕੁਲਦੀਪ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਦੌਰਾਨ ‘ਵੰਦੇ ਮਾਤਰਮ’, ‘ਭਾਰਤ ਮਾਤਾ ਦੀ ਜੈ’ ਅਤੇ ਕੁਲਦੀਪ ਅਮਰ ਰਹੇ’ ਦੇ ਨਾਅਰੇ ਗੂੰਜਦੇ ਰਹੇ। ਇਸ ਮੌਕੇ ਸੂਬਾ ਸਰਕਾਰ ਵਲੋਂ ਫ਼ੌਜੀ ਕਲਿਆਣ ਮੰਤਰੀ ਰਾਜੇਂਦਰ, ਸੰਸਦ ਮੈਂਬਰ ਨਰਿੰਦਰ ਕੁਮਾਰ, ਭਾਜਪਾ ਪ੍ਰਦੇਸ਼ ਪ੍ਰਧਾਨ ਸਤੀਸ਼ ਪੂਨੀਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮੌਜੂਦ ਸਨ।
ਇਹ ਵੀ ਪੜ੍ਹੋ: ਜਾਂਬਾਜ਼ ਜਨਰਲ ਨੂੰ ਨਮਨ; ਤਾਕਤਵਰ, ਬੇਬਾਕ ਅਤੇ ਨਿਡਰ ਜਨਰਲਾਂ ’ਚ ਸ਼ਾਮਲ ਸਨ ਬਿਪਿਨ ਰਾਵਤ
ਦੱਸ ਦੇਈਏ ਕਿ ਬੀਤੇ ਬੁੱਧਵਾਰ ਨੂੰ ਜਨਰਲ ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਤਾਮਿਲਨਾਡੂ ਦੇ ਕੰਨੂਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਵਾਈ ਫ਼ੌਜ ਦੇ ਐੱਮ. ਆਈ-17ਵੀ5 ਹੈਲੀਕਾਪਟਰ ਵਿਚ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। ਇਸ ਭਿਆਨਕ ਹਾਦਸੇ ਵਿਚ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਜਦਕਿ ਗੰਭੀਰ ਰੂਪ ਨਾਲ ਜ਼ਖਮੀ ਗਰੁੱਪ ਕੈਪਟਨ ਵਰੁਣ ਸਿੰਘ ਦਾ ਬੈਂਗਲੁਰੂ ’ਚ ਇਲਾਜ ਚੱਲ ਰਿਹਾ ਹੈ। ਸ਼ੁੱਕਰਵਾਰ ਯਾਨੀ ਕਿ ਕੱਲ੍ਹ ਸਰਕਾਰੀ ਸਨਮਾਨ ਨਾਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਾਦਸੇ ਵਿਚ ਜਾਨ ਗੁਆਉਣ ਵਾਲੇ ਫ਼ੌਜੀ ਕਰਮੀਆਂ ਵਿਚ ਰਾਜਸਥਾਨ ਦੇ ਸਕੁਐਡਰਨ ਲੀਡਰ ਕੁਲਦੀਪ ਸਿੰਘ ਅਤੇ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ: ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਤੋਂ ਕੁਝ ਸਕਿੰਟ ਪਹਿਲਾਂ ਦੀ ਵੀਡੀਓ ਆਈ ਸਾਹਮਣੇ