26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਦੀ 12 ਦਿਨ ਦੀ ਵਧਾਈ ਗਈ ਹਿਰਾਸਤ

Monday, Apr 28, 2025 - 05:39 PM (IST)

26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਦੀ 12 ਦਿਨ ਦੀ ਵਧਾਈ ਗਈ ਹਿਰਾਸਤ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ ਦੀ NIA ਹਿਰਾਸਤ 12 ਦਿਨ ਲਈ ਹੋਰ ਵਧਾ ਦਿੱਤੀ ਹੈ। ਵਿਸ਼ੇਸ਼ NIA ਜਸਟਿਸ ਚੰਦਰਜੀਤ ਸਿੰਘ ਨੇ NIA ਦੀ ਬੇਨਤੀ 'ਤੇ ਰਾਣਾ ਦੀ ਹਿਰਾਸਤ ਵਧਾ ਦਿੱਤੀ। NIA ਨੇ ਰਾਣਾ ਨੂੰ 18 ਦਿਨ ਦੀ ਰਿਮਾਂਡ ਖ਼ਤਮ ਹੋਣ ਮਗਰੋਂ ਅਦਾਲਤ 'ਚ ਪੇਸ਼ ਕੀਤਾ ਅਤੇ ਉਸ ਦੀ ਹਿਰਾਸਤ 13 ਦਿਨ ਲਈ ਹੋਰ ਵਧਾਏ ਜਾਣ ਦੀ ਬੇਨਤੀ ਕੀਤੀ। 

ਰਾਣਾ ਨੂੰ ਸਖ਼ਤ ਸੁਰੱਖਿਆ ਦਰਮਿਆਨ ਚਿਹਰਾ ਢੱਕ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਅਤੇ ਵਿਸ਼ੇਸ਼ ਸਰਕਾਰੀ ਵਕੀਲ ਨਰਿੰਦਰ ਮਾਨ ਇਸ ਮਾਮਲੇ ਵਿਚ NIA ਦੀ ਨੁਮਾਇੰਦਗੀ ਕਰ ਰਹੇ ਹਨ। ਉੱਥੇ ਹੀ ਦਿੱਲੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵਕੀਲ ਪੀਯੂਸ਼ ਸਚਦੇਵਾ ਰਾਣਾ ਵੱਲੋਂ ਦਲੀਲ ਦੇ ਰਹੇ ਹਨ। 

ਅਦਾਲਤ ਨੇ ਆਪਣੇ ਪਿਛਲੇ ਰਿਮਾਂਡ ਆਦੇਸ਼ ਵਿਚ NIA ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਰਾਣਾ ਦੀ ਹਰ 24 ਘੰਟਿਆਂ ਬਾਅਦ ਡਾਕਟਰੀ ਜਾਂਚ ਕਰਨ ਅਤੇ ਉਸ ਨੂੰ ਹਰ ਦੂਜੇ ਦਿਨ ਆਪਣੇ ਵਕੀਲ ਨੂੰ ਮਿਲਣ ਦੀ ਆਗਿਆ ਦੇਣ। ਇਸ ਨੇ ਰਾਣਾ ਨੂੰ ਸਿਰਫ਼ ਇਕ "ਸਾਫਟ-ਟਿਪ ਪੈੱਨ" ਦੀ ਵਰਤੋਂ ਕਰਨ ਅਤੇ NIA ਅਧਿਕਾਰੀਆਂ ਦੀ ਮੌਜੂਦਗੀ 'ਚ ਆਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ, ਜੋ ਸੁਣਨ ਯੋਗ ਦੂਰੀ ਤੋਂ ਬਾਹਰ ਹੋਣਗੇ। ਪਿਛਲੀ ਵਾਰ ਬਹਿਸ ਦੌਰਾਨ NIA ਨੇ ਕਿਹਾ ਸੀ ਕਿ ਸਾਜ਼ਿਸ਼ ਦੇ ਪੂਰੇ ਪਹਿਲੂ ਨੂੰ ਖੋਲ੍ਹਣ ਲਈ ਰਾਣਾ ਦੀ ਹਿਰਾਸਤ ਜ਼ਰੂਰੀ ਹੈ।


author

Tanu

Content Editor

Related News