ਸਵਾਤੀ ਮਾਲੀਵਾਲ ਦਾ ਕੇਂਦਰੀ ਗ੍ਰਹਿ ਸਕੱਤਰ ਨੂੰ ਪੱਤਰ, ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੀ ਇਹ ਵੱਡੀ ਮੰਗ

01/03/2023 8:44:34 PM

ਨੈਸ਼ਨਲ ਡੈਸਕ : ਦਿੱਲੀ ਮਹਿਲਾ ਕਮਿਸ਼ਨ (DCW) ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਪੱਤਰ ਲਿਖ ਕੇ ਔਰਤਾਂ ਵਿਰੁੱਧ ਅਪਰਾਧਾਂ ਨਾਲ ਨਜਿੱਠਣ ਲਈ ਤਾਲਮੇਲ ਵਾਲੀ ਨੀਤੀ ਲਈ ਉੱਚ ਪੱਧਰੀ ਕਮੇਟੀ ਦੇ ਗਠਨ ਦੀ ਮੰਗ ਕੀਤੀ ਹੈ। ਡੀਸੀਡਬਲਿਊ ਨੇ ਇਹ ਪੱਤਰ ਰਾਸ਼ਟਰੀ ਰਾਜਧਾਨੀ 'ਚ ਇਕ ਲੜਕੀ ਨੂੰ ਸੜਕ 'ਤੇ ਟੱਕਰ ਮਾਰਨ ਤੋਂ ਬਾਅਦ 12 ਕਿਲੋਮੀਟਰ ਤੱਕ ਘਸੀਟਣ ਤੋਂ ਬਾਅਦ ਹੋਈ ਵਾਰਦਾਤ ਦੇ ਪਿਛੋਕੜ 'ਚ ਲਿਖਿਆ ਹੈ।ਡੀਸੀਡਬਲਯੂ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੂੰ ਲਿਖੇ ਪੱਤਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ 'ਚ ਦਿੱਲੀ ਦੇ ਲੈਫਟੀਨੈਂਟ ਗਵਰਨਰ, ਮੁੱਖ ਮੰਤਰੀ ਅਤੇ ਪੁਲਸ ਕਮਿਸ਼ਨਰ ਦੇ ਮੈਂਬਰ ਵਜੋਂ ਇਕ ਕਮੇਟੀ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ।

ਦਿੱਲੀ 'ਚ ਦਰਦਨਾਕ ਹਾਦਸਾ

ਮਾਲੀਵਾਲ ਨੇ ਕਿਹਾ ਕਿ ਇਸ ਕਮੇਟੀ ਨੂੰ ਮਹੀਨੇ ਵਿੱਚ ਘੱਟੋ-ਘੱਟ ਇਕ ਵਾਰ ਮੀਟਿੰਗ ਕਰਨੀ ਚਾਹੀਦੀ ਹੈ ਅਤੇ "ਰਾਸ਼ਟਰੀ ਰਾਜਧਾਨੀ ਵਿੱਚ ਔਰਤਾਂ ਅਤੇ ਲੜਕੀਆਂ ਵਿਰੁੱਧ ਅਪਰਾਧ ਨਾਲ ਨਜਿੱਠਣ ਲਈ ਤਾਲਮੇਲ ਵਾਲੀ ਰਣਨੀਤੀ ਬਣਾਈ ਜਾਣੀ ਚਾਹੀਦੀ ਹੈ।" ਜ਼ਿਕਰਯੋਗ ਹੈ ਕਿ ਸਕੂਟੀ ਸਵਾਰ 20 ਸਾਲਾ ਇਕ ਲੜਕੀ ਦੀ ਐਤਵਾਰ ਕਾਰ ਨਾਲ ਟੱਕਰ ਤੋਂ ਬਾਅਦ ਮੌਤ ਹੋ ਗਈ ਸੀ। ਟੱਕਰ ਮਾਰਨ ਤੋਂ ਬਾਅਦ ਕਾਰ ਸਵਾਰਾਂ ਨੇ ਲੜਕੀ ਨੂੰ 12 ਕਿਲੋਮੀਟਰ ਤੱਕ ਘਸੀਟਿਆ ਅਤੇ ਉਸ ਦੀ ਲਾਸ਼ ਕਾਂਝਵਾਲਾ ਇਲਾਕੇ 'ਚੋਂ ਮਿਲੀ। ਮਾਲੀਵਾਲ ਨੇ ਕਿਹਾ, ''ਇਹ ਇਕ ਘਿਨਾਉਣਾ ਅਪਰਾਧ ਹੈ ਅਤੇ ਇਸ ਨਾਲ ਰਾਸ਼ਟਰੀ ਰਾਜਧਾਨੀ ਦੀ ਪੁਲਸ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।'' ਉਨ੍ਹਾਂ ਕਿਹਾ ਕਿ ਭਾਰਤ ਇਸ ਸਾਲ ਜੀ-20 ਬੈਠਕ ਦੀ ਮੇਜ਼ਬਾਨੀ ਕਰੇਗਾ ਅਤੇ ਸਰਕਾਰ ਨੂੰ ਰਾਜਧਾਨੀ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਧਾਰਨ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਠੰਡ 'ਚ ਵੀ ਗਰਮਾਇਆ ਹੋਇਐ ਸ਼ਰਾਬ ਫੈਕਟਰੀ ਦਾ ਮਾਮਲਾ, ਕਿਸਾਨਾਂ ਵੱਲੋਂ 6 ਜਨਵਰੀ ਨੂੰ ਵੱਡਾ ਇਕੱਠ ਕਰਨ ਦਾ ਐਲਾਨ

90 ਸਾਲ ਤੱਕ ਦੀ ਬਜ਼ੁਰਗ ਔਰਤ ਨਾਲ ਜਬਰ-ਜ਼ਨਾਹ ਦਾ ਮਾਮਲਾ

2012 ਦੇ ਨਿਰਭਯਾ ਸਮੂਹਿਕ ਜਬਰ-ਜ਼ਨਾਹ ਅਤੇ ਕਤਲ ਨੂੰ ਯਾਦ ਕਰਦਿਆਂ ਮਾਲੀਵਾਲ ਨੇ ਕਿਹਾ ਕਿ ਉਦੋਂ ਤੋਂ ਕੁਝ ਵੀ ਨਹੀਂ ਬਦਲਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਰੋਜ਼ਾਨਾ ਔਸਤਨ 6 ਜਬਰ-ਜ਼ਨਾਹ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇੱਥੋਂ ਤੱਕ ਕਿ ਇਕ 8 ਸਾਲ ਦੀ ਬੱਚੀ ਅਤੇ ਇਕ 90 ਸਾਲ ਦੀ ਬਜ਼ੁਰਗ ਔਰਤ ਨਾਲ ਵੀ ਬੇਰਹਿਮੀ ਨਾਲ ਜਬਰ-ਜ਼ਨਾਹ ਕੀਤਾ ਜਾਂਦਾ ਹੈ। ਡੀਸੀਡਬਲਯੂ ਦੀ ਚੇਅਰਪਰਸਨ ਨੇ ਕਿਹਾ ਕਿ ਰਾਜਧਾਨੀ ਵਿੱਚ ਔਰਤਾਂ ਅਤੇ ਲੜਕੀਆਂ ਵਿਰੁੱਧ ਅਪਰਾਧ ਦੀ ਉੱਚ ਦਰ ਦਾ ਮੁੱਖ ਕਾਰਨ ਪੁਲਸ ਸਰੋਤਾਂ ਅਤੇ ਜਵਾਬਦੇਹੀ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸਤਾਵਿਤ ਉੱਚ ਪੱਧਰੀ ਕਮੇਟੀ ਨੂੰ ਦਿੱਲੀ ਪੁਲਸ ਦੀ ਜਵਾਬਦੇਹੀ ਵਧਾਉਣ ਤੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।

ਜਾਣੋ ਪੱਤਰ 'ਚ ਕੀ ਲਿਖਿਆ?

ਪੱਤਰ 'ਚ ਮਾਲੀਵਾਲ ਨੇ ਲਿਖਿਆ, ‘‘ਗ੍ਰਹਿ ਮੰਤਰਾਲੇ ਨੂੰ ਕਾਂਝਵਾਲਾ ਮਾਮਲੇ ਵਿੱਚ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਕੇ ਮਿਸਾਲ ਕਾਇਮ ਕਰਨੀ ਚਾਹਾਦੀ ਹੈ, ਜੋ ਦਿੱਲੀ ਦੀ ਸੜਕ ’ਤੇ 12 ਕਿਲੋਮੀਟਰ ਤੱਕ ਘਸੀਟੀ ਗਈ ਲੜਕੀ ਦੀ ਸੁਰੱਖਿਆ ਵਿੱਚ ਨਾਕਾਮ ਰਹੇ। ਪੱਤਰ ਵਿੱਚ ਦਿੱਲੀ ਪੁਲਸ ਦੇ ਮਨੁੱਖੀ ਸਰੋਤ ਨੂੰ ਵਧਉਣ ਦਾ ਸੁਝਾਅ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਾਧਨਾਂ ਦੀ ਘਾਟ ਕਾਰਨ ਪੁਲਸ ਮੁਲਾਜ਼ਮਾਂ ਨੂੰ ਸੈਂਕੜੇ ਕੇਸਾਂ ਨਾਲ ਜੂਝਣਾ ਪੈਂਦਾ ਹੈ ਅਤੇ ਲੰਬੇ ਸਮੇਂ ਦੀ ਡਿਊਟੀ ਕਰਨੀ ਪੈਂਦੀ ਹੈ। ਮਾਲੀਵਾਲ ਨੇ ਰੇਖਾਂਕਿਤ ਕੀਤਾ ਕਿ ਦਿੱਲੀ ਪੁਲਸ 20 ਸਾਲਾਂ ਤੋਂ 66,000 ਵਾਧੂ ਕਰਮਚਾਰੀਆਂ ਦੀ ਮੰਗ ਕਰ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਮੁਹੱਈਆ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਮਾਨ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ : ਕੁਲਦੀਪ ਧਾਲੀਵਾਲ

ਕੋਈ ਵੀ ਪੀਸੀਆਰ ਵੈਨ ਮੌਕੇ ’ਤੇ ਨਹੀਂ ਪਹੁੰਚੀ

ਡੀਸੀਡਬਲਯੂ ਮੁਖੀ ਨੇ ਮਹਿਲਾ ਪੁਲਸ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦੀ ਵੀ ਮੰਗ ਕੀਤੀ, ਜੋ ਵਰਤਮਾਨ 'ਚ ਦਿੱਲੀ ਪੁਲਸ ਦੀ ਕੁਲ ਫੋਰਸ ਦਾ 9 ਫ਼ੀਸਦੀ ਹੈ। ਪੱਤਰ ਵਿੱਚ ਕਿਹਾ ਗਿਆ, “ਮੀਡੀਆ ਰਿਪੋਰਟਾਂ ਦੇ ਅਨੁਸਾਰ ਕਾਂਝਵਾਲਾ ਮਾਮਲੇ ਦੇ ਚਸ਼ਮਦੀਦ ਗਵਾਹਾਂ ਨੇ ਕਈ ਵਾਰ ਦਿੱਲੀ ਪੁਲਸ ਹੈਲਪਲਾਈਨ 'ਤੇ ਕਾਲ ਕੀਤੀ ਪਰ ਕਥਿਤ ਤੌਰ 'ਤੇ ਘੰਟਿਆਂ ਤੱਕ ਕੋਈ ਵੀ ਪੀਸੀਆਰ ਵੈਨ ਮੌਕੇ 'ਤੇ ਨਹੀਂ ਪਹੁੰਚੀ। ਮੰਗ ਕੀਤੀ ਜਾਂਦੀ ਹੈ ਕਿ ਦਿੱਲੀ ਪੁਲਸ ਦੀ ਪੀਸੀਆਰ ਯੂਨਿਟ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਉਹ ਐਮਰਜੈਂਸੀ ਨਾਲ ਨਜਿੱਠਣ ਦੇ ਸਮਰੱਥ ਹੋਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News